ਫ਼ਿਲਮ ਨਿਰਮਾਤਾ ਨੇ ਕਾਂਗਰਸ ''ਤੇ ਲਈ ਚੁਟਕੀ, ਵੀਡੀਓ ਸਾਂਝੀ ਕਰ ਮਾਰੇ ਤਾਹਨੇ

08/12/2021 3:21:06 PM

ਨਵੀਂ ਦਿੱਲੀ (ਬਿਊਰੋ) : ਸੰਸਦ ਦਾ ਮੌਨਸੂਨ ਸੈਸ਼ਨ ਖ਼ਤਮ ਹੋ ਗਿਆ ਹੈ ਪਰ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇੱਕ ਕਾਂਗਰਸੀ ਨੇਤਾ ਰਾਜ ਸਭਾ ਦੇ ਅੰਦਰ ਮੇਜ਼ 'ਤੇ ਚੜ੍ਹ ਕੇ ਉੱਚੀ ਆਵਾਜ਼ ਵਿਚ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ, ਇੰਨਾ ਹੀ ਨਹੀਂ ਨੇਤਾ ਇਧਰ-ਉਧਰ ਚੀਜ਼ਾਂ ਸੁੱਟਦੇ ਵੀ ਨਜ਼ਰ ਆਏ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ। ਕਾਂਗਰਸੀ ਨੇਤਾਵਾਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, "ਸ਼ੁਕਰ ਹੈ ਦੇਸ਼ ਦੇ ਬਾਗ ਦਾ ਦਰਵਾਜ਼ਾ ਇਨ੍ਹਾਂ ਲੁਟੇਰਿਆਂ ਦੇ ਹੱਥਾਂ 'ਚ ਨਹੀਂ ਹੈ।"
ਅਸ਼ੋਕ ਪੰਡਿਤ ਨੇ ਟਵਿੱਟਰ 'ਤੇ ਰਾਜ ਸਭਾ ਵਿਚ ਇਸ ਹੰਗਾਮੇ ਦਾ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ''ਰਾਜ ਪਾਠ ਖੋਹਣ ਤੋਂ ਬਾਅਦ ਇਹ ਸਭ ਕੁਝ ਖ਼ਤਮ ਹੋ ਗਿਆ! ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਦੇਸ਼ ਦੀ ਬਾਗ ਡੋਰ ਇਨ੍ਹਾਂ ਲੁਟੇਰਿਆਂ ਦੇ ਹੱਥ ਵਿਚ ਨਹੀਂ!''

ਦੱਸ ਦਈਏ ਇਹ ਕਾਂਗਰਸੀ ਨੇਤਾ ਜੋ ਹੰਗਾਮਾ ਕਰ ਰਿਹਾ ਹੈ, ਉਹ ਕੋਈ ਹੋਰ ਨਹੀਂ ਪੰਜਾਬ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਹੈ। ਦਰਅਸਲ, ਮੰਗਲਵਾਰ ਨੂੰ ਰਾਜ ਸਭਾ ਵਿਚ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੀ ਵਿਰੋਧੀ ਧਿਰ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਮਿਲ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਖ਼ਬਰਾਂ ਮੁਤਾਬਕ, ਇਸ ਵਾਰ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿਚ ਸਿਰਫ਼ 28 ਫੀਸਦੀ ਕੰਮ ਹੋਇਆ ਹੈ। ਇਸ ਦੌਰਾਨ ਰਾਜ ਸਭਾ ਤੋਂ ਕੁੱਲ 19 ਬਿੱਲ ਪਾਸ ਕੀਤੇ ਗਏ ਹਨ ਕਿਉਂਕਿ ਬਹੁਤ ਸਮਾਂ ਬਰਬਾਦ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News