ਕਿਸਾਨਾਂ ਦੇ ਹੱਕ ''ਚ ਮੁੜ ਗਰਜੇ ਰਣਜੀਤ ਬਾਵਾ, ਦਿਖਾਏ ਦੁਨੀਆ ਦੇ ਅਸਲ ਰੰਗ (ਵੀਡੀਓ)

01/16/2021 4:31:05 PM

ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। ਪੰਜਾਬੀ ਕਲਾਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਕਲਾਕਾਰ ਸੋਸ਼ਲ ਮੀਡੀਆ ਤੇ ਗੀਤਾਂ ਰਾਹੀਂ ਕਿਸਾਨਾਂ ਦੇ ਹੌਂਸਲੇ ਬੁਲੰਦ ਕਰ ਰਹੇ ਹਨ। ਹਾਲ ਹੀ 'ਚ ਗਾਇਕ ਰਣਜੀਤ ਬਾਵਾ ਵੀ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਰਣਜੀਤ ਬਾਵਾ ਨੇ ਆਪਣੇ ਯੂਟਿਊਬ ਚੈਨਲ 'ਤੇ '21ਵੀਂ ਸਦੀ' ਨਾਂ ਦੇ ਟਾਈਟਲ ਹੇਠ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ, ਜਿਸ ਦੀ ਸੰਗੀਤਕ ਧੁੰਨਾਂ ਨੂੰ ਐਮ. ਵੀ ਨੇ ਸ਼ਿੰਗਾਰਿਆ ਹੈ। ਰਣਜੀਤ ਬਾਵਾ ਨੇ ਆਪਣੇ ਇਸ ਗੀਤ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਦੇ ਬੋਲ ਜਿੰਨੇ ਸੋਹਣੇ ਬੋਲ ਲਵਲੀ ਨੂਰ ਨੇ ਲਿਖੇ ਨੇ ਉਸ ਤੋਂ ਵੱਧ ਖ਼ੂਬਸੂਰਤੀ ਨਾਲ ਰਣਜੀਤ ਬਾਵਾ ਨੇ ਇਸ ਗੀਤ ਨੂੰ ਗਾਇਆ ਹੈ।

ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ 
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News