ਦੇਵ ਥਰੀਕੇ ਵਾਲਾ ਦੀ ਮੌਤ ਨਾਲ ਸਦਮੇ ''ਚ ਪੰਜਾਬੀ ਕਲਾਕਾਰ, ਨਮ ਅੱਖਾਂ ਨਾਲ ਸੋਸ਼ਲ ਮੀਡੀਆ ''ਤੇ ਦਿੱਤੀ ਸ਼ਰਧਾਂਜਲੀ
Wednesday, Jan 26, 2022 - 08:52 AM (IST)

ਜਲੰਧਰ (ਬਿਊਰੋ) - ਬੀਤੇ ਦਿਨ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਦਾ ਦਿਹਾਂਤ ਹੋ ਗਿਆ ਹੈ, ਜਿਸ ਨਾਲ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਤੇ ਪੰਜਾਬੀ ਕਲਾਕਾਰਾਂ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ।
ਪੰਜਾਬ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ ਨੇ ਵੀ ਦੇਵ ਥਰੀਕੇ ਵਾਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲਾ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ। ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਵਾਲਾ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ।''
ਉਥੇ ਹੀ ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਵ ਥਰੀਕੇ ਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ। ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ।''
ਸਤਵਿੰਦਰ ਬਿੱਟੀ ਨੇ ਲਿਖਿਆ, ''ਝੂਠ ਨਾ ਥਰੀਕੇ ਵਾਲਾ ਦੇਵ ਦੱਸਦਾ, ਰੱਬ ਦਿਆਂ ਬੰਦਿਆਂ 'ਚ ਰੱਬ ਵਸਦਾ। ਪੰਜਾਬੀ ਗੀਤਕਾਰੀ ਦੇ ਥੰਮ : ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਅੱਜ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਮੈਂ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੀ ਹਾਂ।''
ਦੱਸਣਯੋਗ ਹੈ ਕਿ ਦੇਵ ਥਰੀਕੇ ਵਾਲਾ ਨੂੰ ਬੀਤੇ ਦਿਨ ਸਵੇਰੇ 5 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ।