ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖ਼ਾਨ ਦਾ ਦਿਹਾਂਤ, ਪ੍ਰੋਸਟੇਟ ਕੈਂਸਰ ਦੇ ਸਨ ਸ਼ਿਕਾਰ
Tuesday, Jan 09, 2024 - 06:49 PM (IST)
ਮੁੰਬਈ (ਬਿਊਰੋ)– ‘ਆਓਗੇ ਜਬ ਤੁਮ...’ ਫੇਮ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖ਼ਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ ਪ੍ਰੋਸਟੇਟ ਕੈਂਸਰ ਤੋਂ ਪੀੜਤ ਸਨ। ਉਹ ਲੰਬੇ ਸਮੇਂ ਤੋਂ ਇਲਾਜ ਅਧੀਨ ਸਨ। ਉਨ੍ਹਾਂ ਨੂੰ ਨਵੰਬਰ ’ਚ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੇ 55 ਸਾਲ ਦੀ ਉਮਰ ’ਚ ਕੋਲਕਾਤਾ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ।
ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਈ ਦਿਨਾਂ ਤੋਂ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਉਸਤਾਦ ਰਾਸ਼ਿਦ ਖ਼ਾਨ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਇਹ ਪੂਰੇ ਦੇਸ਼ ਲਈ ਘਾਟਾ ਹੈ।
ਫ਼ਿਲਮਾਂ ’ਚ ਵੀ ਦਿੱਤੇ ਹਿੱਟ ਗੀਤ
ਸ਼ਾਸਤਰੀ ਸੰਗੀਤ ਤੋਂ ਇਲਾਵਾ ਉਸਤਾਦ ਰਾਸ਼ਿਦ ਖ਼ਾਨ ਨੇ ਭਾਰਤੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ’ਚ ਫ਼ਿਲਮ ‘ਜਬ ਵੀ ਮੈੱਟ’ ਦਾ ਗੀਤ ‘ਆਓਗੇ ਜਬ ਤੁਮ...’ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ‘ਤੁਝੇ ਯਾਦ ਕਰਤੇ-ਕਰਤੇ’, ‘ਤੂ ਬਣਜਾ ਗਲੀ ਬਨਾਰਸ ਕੀ’ ਉਨ੍ਹਾਂ ਦੇ ਮਸ਼ਹੂਰ ਗੀਤ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ
ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪਿਛਲੇ ਮਹੀਨੇ ਦਿਮਾਗੀ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਉਸਤਾਦ ਰਾਸ਼ਿਦ ਖ਼ਾਨ ਰਾਮਪੁਰ-ਸਹਸਵਾਨ ਘਰਾਣੇ ਨਾਲ ਸਬੰਧਤ ਸਨ। ਇਸ ਘਰਾਣੇ ਦਾ ਮੋਢੀ ਇਨਾਇਤ ਹੁਸੈਨ ਖ਼ਾਨ ਦੇ ਪੜਪੋਤੇ ਨੂੰ ਮੰਨਿਆ ਜਾਂਦਾ ਹੈ। ਰਾਸ਼ਿਦ ਖ਼ਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਬਦਾਊਨ ’ਚ ਹੋਇਆ ਸੀ। ਉਨ੍ਹਾਂ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਨਾਨਾ ਉਸਤਾਦ ਨਿਸਾਰ ਹੁਸੈਨ ਤੋਂ ਲਈ।
ਉਸਤਾਦ ਰਾਸ਼ਿਦ ਖ਼ਾਨ 1980 ’ਚ 14 ਸਾਲ ਦੀ ਉਮਰ ’ਚ ਅਕੈਡਮੀ ’ਚ ਸ਼ਾਮਲ ਹੋਏ ਸਨ। ਉਹ 1994 ਤੱਕ ਅਕੈਡਮੀ ਨਾਲ ਜੁੜੇ ਰਹੇ। ਤੁਹਾਨੂੰ ਦੱਸ ਦੇਈਏ ਕਿ ਉਹ ਜਿਸ ਘਰਾਣੇ ਨਾਲ ਸਬੰਧਤ ਸਨ, ਉਹ ਗਵਾਲੀਅਰ ਘਰਾਣੇ ਦੀ ਗਾਇਕੀ ਸ਼ੈਲੀ ਨਾਲ ਸਬੰਧਤ ਮੰਨਿਆ ਜਾਂਦਾ ਹੈ। ਉਹ ਸੁਗਮ ਸੰਗੀਤ ਦੇ ਨਾਲ ਸ਼ੁੱਧ ਹਿੰਦੁਸਤਾਨੀ ਸ਼ੈਲੀ ਦੇ ਸੰਗੀਤ ਨੂੰ ਜੋੜਨ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਪਦਮਸ਼੍ਰੀ ਤੋਂ ਇਲਾਵਾ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।