ਦੁਬਈ ਬਣਿਆ ਭਾਰਤੀ ਸੈਲੇਬ੍ਰਿਟੀਜ਼ ਦਾ ਬਿਜ਼ਨੈੱਸ ਹੱਬ, ਸ਼ਾਹਰੁਖ ਸਣੇ ਇਹ ਕਲਾਕਾਰ ਕਰ ਚੁੱਕੇ ਨਿਵੇਸ਼
Monday, Apr 10, 2023 - 06:00 PM (IST)

ਮੁੰਬਈ (ਬਿਊਰੋ)– ਟੂਰਿਸਟ ਡੈਸਟੀਨੇਸ਼ਨ ਦੁਬਈ ਹੁਣ ਭਾਰਤੀ ਸੈਲੇਬ੍ਰਿਟੀਜ਼ ਦਾ ਬਿਜ਼ਨੈੱਸ ਹੱਬ ਵੀ ਬਣ ਰਿਹਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਸ਼ਾਹਰੁਖ ਖ਼ਾਨ, ਵਿਵੇਕ ਓਬਰਾਏ ਤੇ ਸਾਨੀਆ ਮਿਰਜ਼ਾ ਨੇ ਆਪਣੇ ਬਿਜ਼ਨੈੱਸ ਲਈ ਦੁਬਈ ਦਾ ਰੁਖ਼ ਕੀਤਾ ਹੈ।
ਭਾਰਤੀ ਸੈਲੇਬ੍ਰਿਟੀਜ਼ ਰੀਅਲ ਅਸਟੇਟ ਤੋਂ ਲੈ ਕੇ ਜਿਊਲਰੀ, ਹੋਟਲ, ਸਪੋਰਟਸ ਅਕੈਡਮੀ ਤੇ ਐਕਟਿੰਗ ਸਕੂਲ ਚਲਾ ਰਹੇ ਹਨ। ਦੁਬਈ ’ਚ 2023 ਦੌਰਾਨ ਭਾਰਤੀਆਂ ਦਾ ਨਿਵੇਸ਼ ਲਗਭਗ 7 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ, ਜਦਕਿ 2022 ’ਚ ਇਹ 4.67 ਲੱਖ ਕਰੋੜ ਰੁਪਏ ਤੇ 2021 ’ਚ 3.69 ਲੱਖ ਕਰੋੜ ਰੁਪਏ ਹੀ ਸੀ।
ਇਹ ਖ਼ਬਰ ਵੀ ਪੜ੍ਹੋ : ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ
ਬਿਜ਼ਨੈੱਸ ਪ੍ਰਤੀ ਵੱਡਾ ਖਿੱਚ ਦਾ ਕੇਂਦਰ ਇਥੇ ਮਿਲਣ ਵਾਲੀ ਟੈਕਸ ਛੋਟ ਤੇ ਦੁਬਈ ਦੀ ਕੁਲ 93 ਲੱਖ ਦੀ ਆਬਾਦੀ ’ਚੋਂ ਇਥੇ ਰਹਿਣ ਵਾਲੇ ਲਗਭਗ 38 ਲੱਖ ਭਾਰਤੀ ਹਨ।
ਸ਼ਾਹਰੁਖ ਖ਼ਾਨ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਪਤਨੀ ਗੌਰੀ ਖ਼ਾਨ ਨਾਲ ਦੁਬਈ ’ਚ ਹਾਊਸਿੰਗ ਤੇ ਰੀਅਲ ਅਸਟੇਟ ਦਾ ਬਿਜ਼ਨੈੱਸ ਚਲਾ ਰਹੇ ਹਨ। ਲਗਭਗ 66 ਅਰਬ ਰੁਪਏ ਨਿਵੇਸ਼ ਵਾਲੇ ਉਨ੍ਹਾਂ ਦੇ ਇਕ ਪ੍ਰਾਜੈਕਟ ਦਾ ਅਜੇ ਨਿਰਮਾਣ ਕਾਰਜ ਚੱਲ ਰਿਹਾ ਹੈ। ਦੁਬਈ ਇਨਵੈਸਟਮੈਂਟ ਪਾਰਕ ’ਚ 23 ਲੱਖ ਵਰਗ ਫੁੱਟ ’ਚ ਇਸ ਅਸਟੇਟ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ।
ਵਿਵੇਕ ਓਬਰਾਏ
ਵਿਵੇਕ ਓਬਰਾਏ ਦੁਬਈ ’ਚ ਬ੍ਰਿਕਸ ਐਂਡ ਵੁੱਡ ਨਾਂ ਦੀ ਕੰਪਨੀ ਨਾਲ ਪਾਰਟਨਰਸ਼ਿਪ ’ਚ 8 ਰੀਅਲ ਅਸਟੇਟ ਪ੍ਰਾਜੈਕਟਸ ’ਤੇ ਕੰਮ ਕਰ ਰਹੇ ਹਨ। ਐਜੂਕੇਸ਼ਨ ਸਟਾਰਟਅੱਪ ਆਈਸਕਾਲਰ ਨੂੰ ਵੀ ਲਾਂਚ ਕੀਤਾ ਹੈ। ਇਸ ਤੋਂ ਯੂ. ਏ. ਈ. ਦੇ ਭਾਰਤੀ ਵਿਦਿਆਰਥੀਆਂ ਨੂੰ ਵੀ ਲਾਭ ਮਿਲੇਗਾ। ਉਹ ਇਥੇ ਲੈਬ ਗ੍ਰੋਨ ਡਾਇਮੰਡ ਜਿਊਲਰੀ ਦੇ 5 ਸ਼ੋਅਰੂਮ ਖੋਲ੍ਹਣਗੇ।
ਸਾਨੀਆ ਮਿਰਜ਼ਾ
ਹਾਲ ਹੀ ’ਚ ਖੇਡ ਤੋਂ ਸੰਨਿਆਸ ਲੈਣ ਵਾਲੀ ਸਾਨੀਆ ਮਿਰਜ਼ਾ ਨੇ ਦੁਬਈ ’ਚ ਆਪਣੀ ਟੈਨਿਸ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਦੁਬਈ ਦੇ ਅਲ ਮਨਖੂਲ ਤੇ ਜੁਮੇਰਾਹ ਲੇਕ ਟਾਵਰਸ ’ਚ ਉਸ ਨੇ ਦੋ ਟੈਨਿਸ ਕੇਂਦਰ ਸ਼ੁਰੂ ਕੀਤੇ ਹਨ। ਸਾਨੀਆ ਕਹਿੰਦੀ ਹੈ ਕਿ ਭਾਰਤ ਤੋਂ ਬਾਅਦ ਦੁਬਈ ਉਸ ਦਾ ਦੂਜਾ ਘਰ ਹੈ। ਉਹ ਦੁਬਈ ’ਚ ਟੈਨਿਸ ਨੂੰ ਮਸ਼ਹੂਰ ਕਰਨਾ ਚਾਹੁੰਦੀ ਹੈ।
ਇਨ੍ਹਾਂ ਸਿਤਾਰਿਆਂ ਦਾ ਵੀ ਬਿਜ਼ਨੈੱਸ
ਅਦਾਕਾਰਾ ਪ੍ਰੀਤੀ ਝੰਗਿਆਨੀ ਦੁਬਈ ’ਚ ਆਰਮਜ਼ ਰੈਸਲਿੰਗ ਦੀ ਪ੍ਰੋ ਪੰਜਾ ਲੀਗ ਦੀ ਸ਼ੁਰੂਆਤ ਕਰ ਰਹੀ ਹੈ। ਰਾਖੀ ਸਾਵੰਤ ਨੇ ਦੁਬਈ ’ਚ ਅਦਾਕਾਰੀ ਸਕੂਲ ਖੋਲ੍ਹਿਆ ਹੈ। ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਆਪਣਾ ਬਿਜ਼ਨੈੱਸ ਦੁਬਈ ਸ਼ਿਫਟ ਕਰ ਲਿਆ ਹੈ। ਪਲੇਬੈਕ ਸਿੰਗਰ ਆਸ਼ਾ ਭੋਸਲੇ ਦੀ ਇਥੇ ਰੈਸਟੋਰੈਂਟ ਚੇਨ ਹੈ। ਸੁਸ਼ਮਿਤਾ ਸੇਨ ਦਾ ਦੁਬਈ ਮਾਲ ਤੇ ਵਾਫੀ ਸਿਟੀ ਮਾਲ ’ਚ ਜਿਊਲਰੀ ਸ਼ੋਅਰੂਮ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।