DRUGS CASE : ਫਿਰ ਰੱਦ ਹੋਈ ਅਦਾਕਾਰ ਅਰਮਾਨ ਕੋਹਲੀ ਦੀ ਜ਼ਮਾਨਤ ਪਟੀਸ਼ਨ
Wednesday, Feb 23, 2022 - 11:40 AM (IST)
ਮੁੰਬਈ- 'ਬਿਗ ਬੌਸ' ਫੇਮ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਮਾਨ ਕੋਹਲੀ ਬੀਤੇ 7 ਮਹੀਨੇ ਤੋਂ ਡਰੱਗ ਕੇਸ ਦੇ ਚੱਲਦੇ ਜੇਲ੍ਹ 'ਚ ਬੰਦ ਹਨ। ਇਸ ਮਾਮਲੇ 'ਚ ਅਰਮਾਨ ਕੋਹਲੀ ਨੇ ਹਾਲ ਹੀ 'ਚ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ 14 ਦਿਨ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਮੰਗਲਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤ ਨੇ ਅਰਮਾਨ ਕੋਹਲੀ ਦੀ ਅੰਤਰਿਮ ਜ਼ਮਾਨਤ 'ਤੇ ਸੁਣਵਾਈ ਕੀਤੀ। ਇਸ ਦੌਰਾਨ ਅਦਾਲਤ ਨੇ ਅਰਮਾਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਅਰਮਾਨ ਕੋਹਲੀ ਬੀਤੇ ਸਾਲ ਅਗਸਤ ਮਹੀਨੇ ਤੋਂ ਗ੍ਰਿਫਤਾਰ ਹੋਏ ਸਨ। ਇਸ ਵਾਰ ਅਰਮਾਨ ਕੋਹਲੀ ਨੇ ਬੀਮਾਰ ਮਾਤਾ-ਪਿਤਾ ਨੂੰ ਮਿਲਣ ਲਈ ਜ਼ਮਾਨਤ ਦਾ ਅਨੁਰੋਧ ਕੀਤਾ ਸੀ ਪਰ ਬਚਾਅ ਪੱਖ ਅਤੇ ਇਸਤਾਗਾਸਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਸ਼ੇਸ਼ ਜੱਜ ਏ.ਏ. ਜੋਗਲੇਕਰ ਨੇ ਅਦਾਕਾਰ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱ ਤਾ। ਗ੍ਰਿਫਤਾਰੀ ਤੋਂ ਬਾਅਦ ਅਰਮਾਨ ਨੇ ਬੀਤੇ ਸਾਲ ਅਕਤੂਬਰ 'ਚ ਵੀ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਉਦੋਂ ਵੀ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਐੱਨ.ਸੀ.ਬੀ. ਨੇ ਅਰਮਾਨ ਕੋਹਲੀ ਦੇ ਜੁਹੂ ਸਥਿਤ ਘਰ 'ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਐੱਨ.ਸੀ.ਬੀ. ਨੂੰ ਅਰਮਾਨ ਦੇ ਘਰੋਂ ਕੁਝ ਮਾਤਰਾ 'ਚ ਡਰੱਗਸ ਬਰਾਮਦ ਹੋਈ ਜਿਸ ਤੋਂ ਬਾਅਦ ਡਰੱਗਸ ਰੱਖਣ ਦੇ ਮਾਮਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐੱਨ.ਸੀ.ਬੀ. ਅਨੁਸਾਰ ਕੋਹਲੀ ਦੇ ਘਰ 'ਚੋਂ 1.2 ਗ੍ਰਾਮ ਐੱਮ.ਡੀ. ਬਰਾਮਦ ਕੀਤੀ ਗਈ ਸੀ ਜਦੋਂਕਿ ਮਾਮਲੇ 'ਚ ਸਹਿ-ਦੋਸ਼ੀ ਤੋਂ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਕੋਹਲੀ ਦੀ ਗ੍ਰਿਫਤਾਰੀ ਮੁੱਖ ਵਿਕਰੇਤਾ ਅਜੈ ਰਾਜੂ ਸਿੰਘ ਨੂੰ ਹਿਰਾਸਤ 'ਚ ਲੈ ਕੇ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਕੋਹਲੀ ਦੇ ਘਰ ਤੋਂ ਜੋ ਡਰੱਗਸ ਬਰਾਮਦ ਹੋਈ ਹੈ ਉਹ ਦੱਖਣੀ ਅਮਰੀਕਾ 'ਚ ਤਿਆਰ ਹੋਈ ਸੀ।