ਅੰਬਾਨੀਆਂ ਦੇ ਫੰਕਸ਼ਨ 'ਚ ਦਿਲਜੀਤ ਦੀ ਹੋਈ ਬੱਲੇ-ਬੱਲੇ, ਪੰਜਾਬ ਦਾ ਵਧਾਇਆ ਮਾਣ, ਦਿੱਤਾ ਸਿੱਖੀ ਦਾ ਸੰਕੇਤ
Monday, Mar 04, 2024 - 12:04 PM (IST)
ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਉਨ੍ਹਾਂ ਪੰਜਾਬੀ ਕਲਾਕਾਰਾਂ ’ਚੋਂ ਇਕ ਹੈ, ਜਿਸ ਦੀ ਸਿਰਫ਼ ਬਾਲੀਵੁੱਡ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀਵਾਨੀ ਹੈ। ਦਿਲਜੀਤ ਦੀ ਫੈਨ ਫਾਲੋਇੰਗ ਵਿਦੇਸ਼ਾਂ ’ਚ ਇੰਨੀ ਜ਼ਿਆਦਾ ਹੈ ਕਿ ਹਾਲ ਹੀ ਦੇ ਕੁਝ ਮਹੀਨਿਆਂ ’ਚ ਦਿਲਜੀਤ ਦੋਸਾਂਝ ਨਾਲ ਵੱਡੇ-ਵੱਡੇ ਹਾਲੀਵੁੱਡ ਕਲਾਕਾਰਾਂ ਨੇ ਕੋਲੈਬੋਰੇਟ ਕੀਤਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਜਿੱਥੇ ਪਹਿਲੇ ਦਿਨ ਹਾਲੀਵੁੱਡ ਗਾਇਕਾ ਰਿਹਾਨਾ ਨੇ ਅੰਬਾਨੀਆਂ ਦੇ ਈਵੈਂਟ 'ਚ ਰੰਗ ਬੰਨ੍ਹਿਆ ਉਥੇ ਹੀ ਦੂਜੇ ਦਿਨ ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੌਜੂਦਾ ਲੋਕਾਂ ਨੂੰ ਆਪਣੇ ਸੁਰੀਲੇ ਬੋਲਾਂ 'ਤੇ ਨੱਚਣ ਲਾਇਆ।
ਅੰਬਾਨੀਆਂ ਦੇ ਈਵੈਂਟ 'ਚ ਦਿਲਜੀਤ ਨੇ ਵਧਾਇਆ ਪੰਜਾਬ ਦਾ ਮਾਣ
ਦਰਅਸਲ, ਦਿਲਜੀਤ ਦੋਸਾਂਝ 2 ਮਾਰਚ ਨੂੰ ਜਾਮਨਗਰ ਪਹੁੰਚੇ ਸਨ। ਇਸ ਦੌਰਾਨ ਦਿਲਜੀਤ ਦੋਸਾਂਝ ਦੀ ਸਿੰਪਲ ਤੇ ਸੋਬਰ ਲੁੱਕ ਸਭ ਤੋਂ ਵੱਧ ਆਕਰਸ਼ਿਤ ਰਹੀ, ਕਿਉਂਕਿ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੇ ਈਵੈਂਟ 'ਚ ਸੈਲੀਬ੍ਰਿਟੀ ਇਕ ਤੋਂ ਇਕ ਬਰੈਂਡ ਪਹਿਨ ਕੇ ਪਹੁੰਚੇ। ਉਥੇ ਹੀ ਦੋਸਾਂਝਾਵਾਲੇ ਨੇ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ। ਜਿਵੇਂਕਿ ਸੋਸ਼ਲ ਮੀਡੀਆ 'ਤੇ 'ਜਗ ਬਾਣੀ' ਅਦਾਰੇ ਦੇ ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿਲਜੀਤ ਦੋਸਾਂਝ ਲਈ ਇਕ ਲੰਬੀ ਚੌੜੀ ਪੋਸਟ ਲਿਖੀ ਹੈ। ਉਨ੍ਹਾਂ ਕਿਹਾ ਕਿ ਅੰਬਾਨੀਆਂ ਦੇ ਫੰਕਸ਼ਨ 'ਚ ਦਿਲਜੀਤ ਦੋਸਾਂਝ ਦਾ ਇੰਝ ਜਾਣਾ ਪੰਜਾਬ ਦਾ ਮਾਣ ਵਧਾਉਣ ਵਾਲੀ ਗੱਲ ਹੈ। ਉਦਾਹਰਣ ਦੇ ਤੌਰ ‘ਤੇ ਜਿਹੜਾ ਬੰਦਾ ਲੱਖਾਂ ਦੇ ਟ੍ਰੈਕ ਸੂਟ, ਬੂਟ, ਟੋਪੀਆਂ ਤੇ ਘੜੀਆਂ ਪਾਉਂਦਾ ਹੋਵੇ, ਜਿਸ ਦੀ ਸ਼ਾਪਿੰਗ ਤੋਂ ਬਾਲੀਵੁੱਡ ਤੱਕ ਹੈਰਾਨ ਹੋਵੇ, ਜਿਹੜਾ ਕੱਪੜੇ ਖ਼ਰੀਦਣ ਲਈ ਖਾਤੇ ਖਾਲੀ ਕਰ ਦਿੰਦਾ ਹੋਵੇ ਪਰ ਉਹੀ ਬੰਦਾ ਜਦੋਂ ਅੰਬਾਨੀਆਂ ਦੇ ਵਿਆਹ ‘ਤੇ ਵਿਖਾਵੇ ਵਾਲੇ ਟੋਪੀ ਅਤੇ ਟ੍ਰੈਕ ਸੂਟ ਛੱਡ ਕੇ ਲਾਲ ਰੰਗ ਦਾ ਪਰਨਾ ਅਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਵੇ ਤਾਂ ਦੱਸੋ ਇਸ ਤੋਂ ਵੱਡਾ ਪੰਜਾਬ ਨਾਲ ਖੜ੍ਹਨ ਦਾ ਕੀ ਸਬੂਤ ਹੋ ਸਕਦਾ ਹੈ। ਇੱਥੋਂ ਤੱਕ ਕਿ ਦਿਲਜੀਤ ਦੀ ਟੀਮ ਵਾਲੇ ਵੀ ਦੁਮਾਲੇ ਬੰਨ੍ਹ ਕੇ ਉਸ ਪ੍ਰੋਗਰਾਮ ‘ਚ ਸ਼ਾਮਲ ਹੋਏ।
ਪੰਜਾਬ ਲਈ ਦਿਲਜੀਤ ਦਾ ਵੱਡਾਪਣ
ਦਿਲਜੀਤ ਦਾ ਅਜਿਹਾ ਕਰਨਾ ਵੀ ਸਿੱਖੀ ਅਤੇ ਪੰਜਾਬ ਦੇ ਪ੍ਰਚਾਰ ਤੋਂ ਘੱਟ ਨਹੀਂ ਹੈ ਕਿੁੳਕਿ ਜਿਸ ਜਗ੍ਹਾ ‘ਤੇ ਦੁਨੀਆ ਭਰ ਤੋਂ ਵੱਡੇ ਲੋਕ ਆਏ ਹੋਣ, ਉਸ ਥਾਂ ‘ਤੇ ਸਿੱਖੀ ਦੇ ਸੰਕੇਤ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਹ ਕੁਚੇਲਾ ਵਾਲੇ ਸ਼ੋਅ ‘ਤੇ ਪੰਜਾਬੀ ਬੋਲਦਾ ਹੈ, ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਭਾਰਤ ਦੀ ਰਿਹਾਨਾ ਦੱਸਦਾ ਹੈ, ਇਹ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਦਿਲਜੀਤ ਨੇ ਅੰਗਰੇਜ਼ੀ ਵਾਲੀ ਥਾਂ ‘ਤੇ ਵੀ ਹਮੇਸ਼ਾ ਪੰਜਾਬੀ ਭਾਸ਼ਾ ਦੀ ਹਾਜ਼ਰੀ ਲਗਵਾਈ ਹੈ, ਇਹੀ ਉਸ ਦਾ ਵੱਡਾਪਣ ਹੈ। ਉਹ ਸ਼ਰੇਆਮ ਕਹਿੰਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਕਲਾ ਦੇ ਸਿਰ ‘ਤੇ ਉਨ੍ਹਾਂ ਨੇ ਅੰਗਰੇਜ਼ਾਂ ਦੇ ਵੀ ਰੌਂਗਟੇ ਖੜ੍ਹੇ ਕੀਤੇ। ਉਨ੍ਹਾਂ ਨੇ ਸਾਬਤ ਕੀਤਾ ਕਿ ਬੰਦੇ ਨੂੰ ਆਪਣਾ ਮੂਲ ਭੁੱਲੇ ਬਿਨ੍ਹਾਂ ਵੀ ਸ਼ੌਹਰਤ ਹਾਸਲ ਹੋ ਸਕਦੀ ਹੈ। ਦਿਲਜੀਤ ਦੀ ਸ਼ੁਰੂਆਤੀ ਗਾਇਕੀ ਨਾਲ ਬੇਸ਼ੱਕ ਮਤਭੇਦ ਰਹੇ ਪਰ ਬੰਦਾ ਕੰਮ ਕਰੇਗਾ ਤਾਂ ਗਲਤੀ ਸੁਭਾਵਿਕ ਹੈ। ਜੋ ਅੱਜ ਦਿਲਜੀਤ ਨੇ ਦੁਨੀਆ ਭਰ 'ਚ ਦਸਤਾਰ ਦਾ ਕੱਦ ਵੱਡਾ ਕੀਤਾ ਹੈ, ਜੋ ਉਨ੍ਹਾਂ ਨੇ ਆਪਣੇ ਅੰਦਰ ਬਦਲਾਅ ਕੀਤੇ ਹਨ, ਜੋ ਉਨ੍ਹਾਂ ਨੇ ਦਸਤਾਰ, ਪੰਜਾਬ ਅਤੇ ਪੰਜਾਬੀ ਲਈ ਕੀਤਾ ਹੈ, ਸਾਨੂੰ ਉਸ ‘ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ।
ਦਿਲਜੀਤ ਦੇ ਛਿੜੇ ਹਰ ਪਾਸੇ ਚਰਚੇ
ਦੱਸ ਦਈਏ ਕਿ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅੰਬਾਨੀਆਂ ਨੇ ਦਿਲਜੀਤ ਦੋਸਾਂਝ ਨੂੰ ਸੱਦ ਕੇ ਆਪਣੇ ਵੱਡੇ ਹੋਣ ਤਾਂ ਸਬੂਤ ਦਿੱਤਾ ਹੈ ਪਰ ਦੋਸਾਂਝਾਵਾਲੇ ਦੇ ਇਸ ਕਦਮ ਨਾਲ ਸਾਡੇ ਢਾਈ ਪ੍ਰਤੀਸ਼ਤ ਆਬਾਦੀ ਵਾਲਿਆਂ ਦਾ ਬਹੁਗਿਣਤੀਆਂ ਮੂਹਰੇ ਕੱਦ ਵੱਡਾ ਹੋ ਗਿਆ ਹੈ, ਦਸਤਾਰ ਵੱਡੀ ਹੋਈ ਹੈ ਤੇ ਪੰਜਾਬ ਵੱਡਾ ਹੋਇਆ ਹੈ। ਜੇਕਰ ਅੰਬਾਨੀਆਂ ਨੇ ਖੁਦ ਨੂੰ ਵੱਡਾ ਤੇ ਪੰਜਾਬ ਨੂੰ ਛੋਟਾ ਕਰਨਾ ਹੁੰਦਾ ਤਾਂ ਪੂਰੀ ਦੁਨੀਆ ਤੋਂ ਆਏ ਮਹਿਮਾਨਾਂ, ਖਾਸਕਰ ਬਾਲੀਵੁੱਡ ਵਾਲੇ ਥੱਲੇ ਬਿਠਾ ਕੇ ਤੇ ਦਿਲਜੀਤ ਨੂੰ ਸਟੇਜ ਤੇ ਨਾ ਝੜਾਉਂਦੇ ਸਗੋਂ ਦਿਲਜੀਤ ਵੀ ਹੇਠਾਂ ਕਿਸੇ ਕੁਰਸੀ ਤੇ ਬੈਠਾ ਹੁੰਦਾ ਜਾਂ ਫਿਰ ਬਾਲੀਵੁੱਡ ਵਾਲਿਆਂ ਵਾਂਗ ਭੋਜਨ/ਖਾਣਾ ਵਰਤਾ ਰਿਹਾ ਹੁੰਦਾ, ਜੋ ਉਨ੍ਹਾਂ ਦੇ ਸੁਭਾਅ 'ਚ ਨਹੀਂ ਹੈ।
ਅਨੰਤ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼
ਹਾਲ ਹੀ ’ਚ ਦਿਲਜੀਤ ਦੋਸਾਂਝ ਨੂੰ ਅਨੰਤ ਅੰਬਾਨੀ ਤੇ ਰਾਧਿਕ ਮਰਚੇਂਟ ਦੇ ਪ੍ਰੀ-ਵੈਡਿੰਗ ਪ੍ਰੋਗਰਾਮ ’ਚ ਪ੍ਰਫਾਰਮ ਕਰਦੇ ਦੇਖਿਆ ਗਿਆ, ਜਿਥੋਂ ਦੀਆਂ ਵੀਡੀਓਜ਼ ਦਿਲਜੀਤ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦੀ ਤਾਜ਼ਾ ਵੀਡੀਓ ’ਚ ਦਿਲਜੀਤ ਦੋਸਾਂਝ ਨੂੰ ਪੂਰੀ ਲਾਈਮਲਾਈਟ ਆਪਣੇ ਵੱਲ ਖਿੱਚਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ’ਚ ਵਿਆਹ ਵਾਲਾ ਮੁੰਡਾ ਯਾਨੀ ਅਨੰਤ ਅੰਬਾਨੀ ਦਿਲਜੀਤ ਦੋਸਾਂਝ ਨੂੰ ਇਕ ਖ਼ਾਸ ਫ਼ਰਮਾਇਸ਼ ਕਰਦਾ ਹੈ, ਜਿਸ ਨੂੰ ਦਿਲਜੀਤ ਸਿਰ ਮੱਥੇ ਕਬੂਲ ਕਰਦੇ ਹਨ। ਦਰਅਸਲ ਵੀਡੀਓ ’ਚ ਅਨੰਤ ਅੰਬਾਨੀ ਦਿਲਜੀਤ ਦੀ ਪੇਸ਼ਕਾਰੀ ਖ਼ਤਮ ਹੋਣ ਮਗਰੋਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ 20 ਮਿੰਟ ਹੋਰ ਪ੍ਰਫਾਰਮ ਕਰਨ। ਅਨੰਤ ਦੀ ਇਸ ਫ਼ਰਮਾਇਸ਼ ਦਾ ਜਵਾਬ ਦਿੰਦਿਆਂ ਦਿਲਜੀਤ ਕਹਿੰਦੇ ਹਨ ਕਿ 20 ਛੱਡ ਕੇ ਉਹ 30 ਮਿੰਟ ਪ੍ਰਫਾਰਮ ਕਰ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਦਿਲਜੀਤ ਦੋਸਾਂਝ ਦਾ ਇਹ ਅੰਦਾਜ਼ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।