ਇਨਕਮ ਟੈਕਸ ਵਿਭਾਗ ਵਲੋਂ ਕਾਰਵਾਈ ਦੀ ਖ਼ਬਰ ’ਤੇ ਦਿਲਜੀਤ ਦੋਸਾਂਝ ਨੇ ਦਿੱਤਾ ਤਿੱਖਾ ਜਵਾਬ

Sunday, Jan 03, 2021 - 04:45 PM (IST)

ਇਨਕਮ ਟੈਕਸ ਵਿਭਾਗ ਵਲੋਂ ਕਾਰਵਾਈ ਦੀ ਖ਼ਬਰ ’ਤੇ ਦਿਲਜੀਤ ਦੋਸਾਂਝ ਨੇ ਦਿੱਤਾ ਤਿੱਖਾ ਜਵਾਬ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਜਿਥੇ ਕਾਫੀ ਸਰਗਰਮ ਰਹੇ, ਉਥੇ ਕਿਸਾਨ ਅੰਦੋਲਨ ਦੌਰਾਨ ਸ਼ਮੂਲੀਅਤ ਨੂੰ ਲੈ ਕੇ ਵਿਵਾਦਾਂ ’ਚ ਘਿਰਦੇ ਨਜ਼ਰ ਆ ਰਹੇ ਹਨ।

ਜੀ ਹਾਂ, ਹਾਲ ਹੀ ’ਚ ਦਿਲਜੀਤ ਦੋਸਾਂਝ ਵਲੋਂ ਕਿਸਾਨ ਅੰਦੋਲਨ ’ਚ ਪਹੁੰਚ ਕੇ ਉਨ੍ਹਾਂ ਦੀ ਮਦਦ ਲਈ 1 ਕਰੋੜ ਰੁਪਏ ਦਿੱਤੇ ਗਏ ਸਨ। ਇਸ ’ਤੇ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ’ਤੇ ਇਸ ਚੀਜ਼ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਕਾਰਵਾਈ ਕਰਨ ਵਾਲਾ ਹੈ।

ਅਸਲ ’ਚ ਕਾਨੂੰਨੀ ਅਧਿਕਾਰ ਆਬਜ਼ਰਵੇਟਰੀ ਵਲੋਂ ਇਕ ਸ਼ਿਕਾਇਤ ਇਨਕਮ ਟੈਕਸ ਵਿਭਾਗ ਨੂੰ 27 ਦਸੰਬਰ ਨੂੰ ਦਰਜ ਕਰਵਾਈ ਗਈ ਸੀ। ਇਹ ਸ਼ਿਕਾਇਤ ਵਿਜੇ ਪਟੇਲ ਨਾਂ ਦੇ ਸ਼ਖਸ ਦੀ ਜਾਂਚ ਤੋਂ ਬਾਅਦ ਦਰਜ ਕਰਵਾਈ ਗਈ ਹੈ, ਜਿਸ ਦਾ ਦਾਅਵਾ ਹੈ ਕਿ ਦਿਲਜੀਤ ਦੋਸਾਂਝ ਦੇ ਨਾਲ-ਨਾਲ ਸਪੀਡ ਰਿਕਾਰਡਸ ਵਲੋਂ ਵਿਦੇਸ਼ਾਂ ’ਚੋਂ ਫੰਡਿੰਗ ਇਕੱਠੀ ਕਰਕੇ ਕਿਸਾਨ ਅੰਦੋਲਨ ’ਚ ਲਗਾਈ ਗਈ ਹੈ।

ਇਹ ਖ਼ਬਰ ਜਿਵੇਂ ਹੀ ਸਾਹਮਣੇ ਆਈ ਤਾਂ ਦਿਲਜੀਤ ਦੋਸਾਂਝ ਨੇ ਇਕ ਟਵੀਟ ਕਰਦਿਆਂ ਇਸ ਗੱਲ ’ਤੇ ਚੁਟਕੀ ਲਈ। ਦਿਲਜੀਤ ਦੋਸਾਂਝ ਨੇ ਆਪਣੇ ਟਵੀਟ ’ਚ ਲਿਖਿਆ, ‘FAKE & FALSE News WALEYO Schedule Fadh Leyo Mera 😎 Zor La Leyo Chitra Tak.. 😂 Eh DOSANJHANWALA BUGGE 🦾.’

ਖੈਰ ਇਨਕਮ ਟੈਕਸ ਵਿਭਾਗ ਦਿਲਜੀਤ ਦੋਸਾਂਝ ਤੇ ਸਪੀਡ ਰਿਕਾਰਡਸ ’ਤੇ ਕੀ ਕਾਰਵਾਈ ਕਰਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦਿਲਜੀਤ ਨੇ ਆਪਣੇ ਇਸ ਟਵੀਟ ਰਾਹੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਝੂਠ ਦੱਸਿਆ ਹੈ।

ਨੋਟ– ਦਿਲਜੀਤ ਦੋਸਾਂਝ ’ਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ?


author

Rahul Singh

Content Editor

Related News