''ਦਿਲ ਬੇਚਾਰਾ'' ਦੇ ਟਰੇਲਰ ਨੇ ਰਚਿਆ ਇਤਿਹਾਸ, ''ਅਵੈਂਜਰਸ ਐਂਡਗੇਮ'' ਨੂੰ ਵੀ ਛੱਡਿਆ ਪਿੱਛੇ (ਵੀਡੀਓ)

07/08/2020 4:01:38 PM

ਨਵੀਂ ਦਿੱਲੀ (ਬਿਊਰੋ) — ਆਪਣੀ ਪਿਆਰੀ ਜਿਹੀ ਮੁਸਕਾਨ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲਾ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਚਲੇ ਜਾਣ ਦਾ ਦੁੱਖ ਪੂਰੇ ਦੇਸ਼ ਨੂੰ ਹੈ। ਇੱਕ ਪਾਸੇ ਜਿਥੇ ਉਨ੍ਹਾਂ ਦੇ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੁਲਸ ਸ਼ਖ਼ਤੀ ਨਾਲ ਛਾਣਬੀਨ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਯਾਦਾਂ 'ਚ ਕਈ ਪੁਰਾਣੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਲੈ ਕੇ ਲੋਕਾਂ ਵਲੋਂ ਕਾਫ਼ੀ ਚੰਗਾ ਰਿਸਪੌਂਸ ਮਿਲ ਰਿਹਾ ਹੈ।

'ਦਿਲ ਬੇਚਾਰਾ' ਦੇ ਟਰੇਲਰ ਨੇ ਰਚਿਆ ਇਤਿਹਾਸ
ਉਥੇ ਹੀ ਇਹ ਗੱਲ ਤਾਂ ਮੰਨਣੀ ਪਵੇਗੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਚਾਹੁੰਣ ਵਾਲਿਆਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ। ਜੀ ਹਾਂ, ਕੁਝ ਲੋਕਾਂ ਨੇ ਇਹ ਕਿਹਾ ਸੀ ਕਿ ਉਹ ਇਸ ਟਰੇਲਰ ਨੂੰ ਯੂਟਿਊਬ ਦੇ ਇਤਿਹਾਸ ਦਾ ਸਭ ਤੋਂ ਯਾਦਗਰ ਟਰੇਲਰ ਬਣਾਉਣਾ ਚਾਹੁੰਦੇ ਹਨ। ਅਜਿਹੇ 'ਚ ਟਰੇਲਰ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਟਰੈਂਡ ਕਰਨ ਲੱਗਾ। ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ, ਹਰ ਕੋਈ ਟਵੀਟ ਕਰਦੇ ਹੋਏ ਇਹੀ ਕਹਿ ਰਿਹਾ ਹੈ ਕਿ ਇਸ ਫ਼ਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖ ਕੇ ਸੁਸ਼ਾਂਤ ਨੂੰ ਖ਼ਾਸ ਟ੍ਰਿਬਿਊਟ ਦੇਣ।

ਦੱਸ ਦਈਏ ਕਿ ਇਸ ਟਰੇਲਰ ਨੂੰ ਹੁਣ ਤੱਕ 22 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਇਸ ਦੇ ਨਾਲ ਹੀ ਇਹ ਵੀਡੀਓ ਯੂਟਿਊਬ 'ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਵੀਡੀਓ ਬਣ ਚੁੱਕਿਆ ਹੈ। ਇਸ ਤੋਂ ਪਹਿਲਾਂ ਯੂਟਿਊਬ 'ਤੇ 'ਅਵੈਂਜਰਸ ਐਂਡਗੇਮ' ਦੇ ਪਹਿਲੇ ਤੇ ਦੂਜੇ ਭਾਗ ਦੇ ਟਰੇਲਰ ਨੂੰ ਸਭ ਤੋਂ ਜ਼ਿਆਦਾ ਵਿਊਜ਼ ਮਿਲੇ ਸਨ।

ਦੱਸਣਯੋਗ ਹੈ ਫ਼ਿਲਮ 'ਦਿਲ ਬੇਚਾਰਾ' ਦੇ ਟਰੇਲਰ 'ਚ ਕੈਂਸਰ ਪੀੜਤ ਇੱਕ ਕੁੜੀ ਨੂੰ ਵਿਖਾਇਆ ਗਿਆ ਹੈ, ਜਿਸ ਨੂੰ ਇੱਕ ਮੁੰਡੇ ਯਾਨੀ ਕਿ ਸੁਸ਼ਾਂਤ ਰਾਜਪੂਤ ਨਾਲ ਪਿਆਰ ਹੋ ਜਾਂਦਾ ਹੈ। ਪਿਆਰ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਇਸ ਫ਼ਿਲਮ 'ਚ ਜ਼ਿੰਦਗੀ ਨੂੰ ਜਿਊਣ ਦੇ ਜਜ਼ਬੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ਨਾਲ ਮੁਕੇਸ਼ ਛਾਬਰਾ ਬਤੌਰ ਡਾਇਰੈਕਟਰ ਡੇਬਿਊ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਤੌਰ ਕਾਸਟਿੰਗ ਡਾਇਰੈਕਟਰ ਕਾਫ਼ੀ ਨਾਂ ਬਣਾ ਚੁੱਕੇ ਹਨ। ਉਹ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਸਨ, ਜੋ ਆਖ਼ਿਰੀ ਸਮੇਂ 'ਚ ਉਨ੍ਹਾਂ ਦੇ ਨਾਲ ਰਹੇ।


sunita

Content Editor

Related News