ਹੁਣ ਬਿਨਾਂ ਇਜਾਜ਼ਤ ਨਹੀਂ ਵਰਤ ਸਕੋਗੇ ਅਭਿਸ਼ੇਕ ਬੱਚਨ ਦੀਆਂ ਤਸਵੀਰਾਂ, HC ਨੇ ਲਗਾਈ ਰੋਕ

Friday, Sep 12, 2025 - 05:29 PM (IST)

ਹੁਣ ਬਿਨਾਂ ਇਜਾਜ਼ਤ ਨਹੀਂ ਵਰਤ ਸਕੋਗੇ ਅਭਿਸ਼ੇਕ ਬੱਚਨ ਦੀਆਂ ਤਸਵੀਰਾਂ, HC ਨੇ ਲਗਾਈ ਰੋਕ

ਨਵੀਂ ਦਿੱਲੀ (ਏਜੰਸੀ)- ਦਿੱਲੀ ਹਾਈ ਕੋਰਟ ਨੇ ਅਦਾਕਾਰ ਅਭਿਸ਼ੇਕ ਬੱਚਨ ਦੇ ਵਿਅਕਤਿਤਵ ਅਧਿਕਾਰਾਂ ਦੀ ਰੱਖਿਆ ਕਰਦਿਆਂ ਆਨਲਾਈਨ ਪਲੇਟਫ਼ਾਰਮਾਂ ਨੂੰ ਉਨ੍ਹਾਂ ਦਾ ਨਾਮ, ਤਸਵੀਰਾਂ ਜਾਂ ਦਸਤਖ਼ਤ ਬਿਨਾਂ ਉਨ੍ਹਾਂ ਦੀ ਇਜਾਜ਼ਤ ਤੋਂ ਵਪਾਰਕ ਲਾਭ ਲਈ ਵਰਤਣ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਕਈ ਵੈਬਸਾਈਟਾਂ ਅਤੇ ਪਲੇਟਫਾਰਮ AI ਵਰਗੀਆਂ ਤਕਨੀਕਾਂ ਨਾਲ ਬੱਚਨ ਦੀਆਂ ਖ਼ਾਸ ਪਛਾਣ ਵਾਲੀਆਂ ਵਿਸ਼ੇਸ਼ਤਾਵਾਂ ਦਾ ਗ਼ਲਤ ਇਸਤੇਮਾਲ ਕਰ ਰਹੀਆਂ ਹਨ।

ਜਸਟਿਸ ਤੇਜਸ ਕਰੀਆ ਨੇ 10 ਸਤੰਬਰ ਨੂੰ ਆਪਣੇ ਹੁਕਮ ਵਿੱਚ ਕਿਹਾ ਕਿ ਇਹ ਵਿਸ਼ੇਸ਼ਤਾਵਾਂ ਬੱਚਨ ਦੇ ਪੇਸ਼ੇ ਅਤੇ ਕਰੀਅਰ ਨਾਲ ਜੁੜੀਆਂ ਹਨ ਅਤੇ ਇਨ੍ਹਾਂ ਦੇ ਬਿਨਾਂ ਇਜਾਜ਼ਤ ਵਰਤੋਂ ਨਾਲ ਉਨ੍ਹਾਂ ਦੀ ਸਾਖ਼ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਹੋ ਸਕਦਾ ਹੈ। ਅਦਾਲਤ ਨੇ ਦਰਸਾਇਆ ਕਿ “ਸੁਵਿਧਾ ਦਾ ਸੰਤੁਲਨ” ਵੀ ਮੁੱਦਈ (ਬੱਚਨ) ਦੇ ਪੱਖ ਵਿੱਚ ਹੈ ਅਤੇ ਜੇਕਰ ਮੌਜੂਦਾ ਮਾਮਲੇ ਵਿੱਚ ਹੁਕਮ ਜਾਰੀ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਮੁੱਦਈ ਅਤੇ ਉਸਦੇ ਪਰਿਵਾਰ ਨੂੰ ਨਾ ਸਿਰਫ਼ ਵਿੱਤੀ ਤੌਰ 'ਤੇ, ਸਗੋਂ ਸਨਮਾਨ ਨਾਲ ਜੀਣ ਦੇ ਉਨ੍ਹਾਂ ਦੇ ਅਧਿਕਾਰ ਦੇ ਸੰਬੰਧ ਵਿੱਚ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ।"

ਅਭਿਸ਼ੇਕ ਬੱਚਨ ਦੀ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦਾ ਨਾਮ, ਤਸਵੀਰਾਂ ਅਤੇ AI-ਜਨਰੇਟ ਕੀਤੀ ਅਸ਼ਲੀਲ ਸਮੱਗਰੀ ਦੀ ਗੈਰ-ਕਾਨੂੰਨੀ ਤਰੀਕੇ ਨਾਲ ਵਰਤੋਂ ਰੋਕੀ ਜਾਵੇ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਅਦਾਲਤ ਨੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਵਿਅਕਤਿਤਵ ਅਧਿਕਾਰਾਂ ਦੀ ਰੱਖਿਆ ਕਰਦਿਆਂ ਵੀ ਆਨਲਾਈਨ ਪਲੇਟਫਾਰਮਾਂ ਨੂੰ ਉਨ੍ਹਾਂ ਦਾ ਨਾਮ ਅਤੇ ਤਸਵੀਰਾਂ ਵਪਾਰਕ ਲਾਭ ਲਈ ਵਰਤਣ ਤੋਂ ਰੋਕ ਦਿੱਤਾ ਸੀ।

ਅਦਾਲਤ ਨੇ ਗੂਗਲ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨ ਵਿੱਚ ਦਰਸਾਏ ਗਏ ਸਾਰੇ URLs ਨੂੰ ਹਟਾਏ ਜਾਂ ਅਯੋਗ ਕਰੇ ਅਤੇ ਉਹਨਾਂ ਨਾਲ ਸੰਬੰਧਿਤ ਆਪਰੇਟਰਾਂ ਅਤੇ ਵਿਕਰੇਤਾਵਾਂ ਦੀ ਮੁੱਢਲੀ ਜਾਣਕਾਰੀ ਇੱਕ ਸੀਲਬੰਦ ਲਿਫਾਫੇ ਵਿੱਚ ਜਮ੍ਹਾਂ ਕਰਵਾਏ। ਇਸਦੇ ਨਾਲ ਹੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਦੂਰਸੰਚਾਰ ਵਿਭਾਗ ਨੂੰ ਵੀ ਇਹ URLs ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ।


author

cherry

Content Editor

Related News