ਅੱਜ ਵੀ ਇਕ ਕਸਕ ਹੈ ਮਨ ''ਚ : ਦੀਪਤੀ ਨਵਲ

Thursday, Mar 03, 2016 - 12:41 PM (IST)

 ਅੱਜ ਵੀ ਇਕ ਕਸਕ ਹੈ ਮਨ ''ਚ : ਦੀਪਤੀ ਨਵਲ

ਮੁੰਬਈ : ਬਾਲੀਵੁੱਡ ਫਿਲਮਾਂ ਅਤੇ ਟੀ.ਵੀ. ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ ਦੀਪਤੀ ਨਵਲ। ਆਪਣੀ ਸੰਜੀਦਾ ਅਦਾਕਾਰੀ ਨਾਲ ਕਈਆਂ ਨੂੰ ਆਪਣੇ ਮੁਰੀਦ ਬਣਾ ਚੁੱਕੀ ਦੀਪਤੀ ਨੂੰ ਅਜੇ ਵੀ ਇਕ ਗੱਲ ਦਾ ਅਫਸੋਸ ਹੈ। ਛੇਤੀ ਹੀ ਛੋਟੇ ਪਰਦੇ ਦੇ ਸੀਰੀਅਲ ''ਮੇਰੀ ਆਵਾਜ਼ ਹੀ ਪਹਿਚਾਨ ਹੈ'' ਰਾਹੀਂ ਲੋਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਦੀਪਤੀ ਦਾ ਕਹਿਣੈ ਕਿ ਉਨ੍ਹਾਂ ਨੂੰ ਕਰੀਅਰ ''ਚ ਉਹ ਚੁਣੌਤੀ ਨਹੀਂ ਮਿਲੀ, ਜਿਸ ਦੀ ਉਨ੍ਹਾਂ ਨੂੰ ਭਾਲ ਸੀ।
ਇਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ, ''''ਫਿਲਮ ਇੰਡਸਟਰੀ ''ਚ ਕੰਮ ਕਰਦਿਆਂ ਮੈਨੂੰ ਕਈ ਸਾਲ ਹੋ ਗਏ ਪਰ ਇਸ ਗੱਲ ਦਾ ਅਫਸੋਸ ਹੈ ਕਿ ਜਿਹੋ ਜਿਹੇ ਚੁਣੌਤੀ ਭਰਪੂਰ ਕਿਰਦਾਰ ਮੈਂ ਨਿਭਾਉਣਾ ਚਾਹੁੰਦੀ ਸੀ, ਉਹ ਨਾ ਮਿਲ ਕੇ ਮੈਨੂੰ ਛੋਟੇ ਕਿਰਦਾਰ ਮਿਲੇ, ਜੋ ਮੈਂ ਕਦੇ ਨਹੀਂ ਕਰਨਾ ਚਾਹੁੰਦੀ ਸੀ।''''
ਹਾਲ ਹੀ ''ਚ ਉਨ੍ਹਾਂ ਨੂੰ ਸਟਾਰ ਸਕ੍ਰੀਨ ਵਲੋਂ ਫਿਲਮ ''ਐੱਨ.ਐੱਚ. 10'' ਲਈ ਸਰਵੋਤਮ ਸਹਿ ਕਲਾਕਾਰ ਦਾ ਅਵਾਰਡ ਮਿਲਿਆ। ਬਤੌਰ ਖਲਨਾਇਕਾ ਇਹ ਦੀਪਤੀ ਦੀ ਪਹਿਲੀ ਫਿਲਮ ਸੀ। ਆਪਣੇ ਕਿਰਦਾਰ ਨੂੰ ਯਾਦ ਕਰਦਿਆਂ ਦੀਪਤੀ ਕਹਿੰਦੀ ਹੈ, ''''ਮੈਂ ਖਲਨਾਇਕਾ ਦੇ ਕਿਰਦਾਰ ਲਈ ਤਿਆਰ ਨਹੀਂ ਸੀ ਕਿਉਂਕਿ ਅਜਿਹਾ ਕੁਝ ਪਹਿਲਾਂ ਨਹੀਂ ਮਿਲਿਆ ਸੀ ਪਰ ਜਦੋਂ ਮੈਂ ਇਸ ਨੂੰ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਕਿ ਮੈਂ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਲਈ ਤਿਆਰ ਹਾਂ ਕਿਉਂਕਿ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਇੰਝ ਲੱਗਦੈ ਕਿ ਮੈਨੂੰ ਉਹ ਚੁਣੌਤੀਪੂਰਨ ਕਿਰਦਾਰ ਨਹੀਂ ਮਿਲੇ, ਜੋ ਮੇਰੀ ਅਦਾਕਾਰੀ ਦੀ ਭੁੱਖ ਨੂੰ ਸ਼ਾਂਤ ਕਰਦੇ।''''
ਗੱਲਬਾਤ ਦੌਰਾਨ ਦੀਪਤੀ ਨੇ ਇਕ ਹੋਰ ਕਸਕ ਦਾ ਜ਼ਿਕਰ ਕੀਤਾ। ਉਨ੍ਹਾਂ ਦਾ ਕਹਿਣੈ, ''''ਮੈਂ ਆਪਣੇ ਜੀਵਨ ''ਚ ਕਈ ਯਤਨ ਕੀਤੇ। ਚਿੱਤਰਕਾਰੀ, ਅਦਾਕਾਰੀ, ਲੇਖਨ ਪਰ ਸੰਗੀਤ ਸਿੱਖਣ ਦਾ ਸ਼ੌਕ ਕਦੇ ਪੂਰਾ ਨਾ ਹੋ ਸਕਿਆ ਅਤੇ ਇਸ ਦੇ ਲਈ ਮੈਂ ਆਪਣੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹਾਂ।'''' 
ਉਨ੍ਹਾਂ ਅੱਗੇ ਕਿਹਾ, ''''ਮੈਂ ਅਦਾਕਾਰੀ ਅਤੇ ਬਾਕੀ ਚੀਜ਼ਾਂ ਨੂੰ ਵਧੇਰੇ ਤਵੱਜੋਂ ਦਿੱਤੀ ਅਤੇ ਸੰਗੀਤ ਸਿੱਖਣ ਦੀ ਇੱਛਾ ਹਮੇਸ਼ਾ ਦਬਾਈ ਰੱਖੀ ਪਰ ਇਸ ਉਮਰ ''ਚ ਆ ਕੇ ਲੱਗਦੈ ਕਿ ਮੈਂ ਸੰਗੀਤ ਕਿਉਂ ਨਹੀਂ ਸਿੱਖਿਆ?''''
ਐਂਡ ਟੀ.ਵੀ. ''ਤੇ ਦੋ ਗਾਇਕਾਵਾਂ ਦੇ ਜੀਵਨ ''ਤੇ ਅਧਾਰਿਤ ਸੀਰੀਅਲ ''ਚ ਗਾਇਕਾ ਬਣਨ ਤੋਂ ਬਾਅਦ ਦੀਪਤੀ ਦਾ ਇਸ ਪਾਸੇ ਰੁਝਾਨ ਵੱਧ ਗਿਆ ਹੈ ਅਤੇ ਉਹ ਹੱਸਦੀ ਹੋਈ ਕਹਿੰਦੀ ਹੈ ''''ਥੋੜ੍ਹੀ ਦੇਰ ਸਹੀ ਪਰ ਮੈਂ ਸੰਗੀਤ ਸਿੱਖਣ ਦਾ ਮਨ ਬਣਾ ਲਿਆ ਹੈ ਅਤੇ ਉਂਝ ਵੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।''''


Related News