ਸ਼ੰਭੂ ਬਾਰਡਰ ਟੱਪ ਵੇਖੋ ਕਿਵੇਂ ਸਾਥੀਆਂ ਨਾਲ ਕੁਰੁਕਸ਼ੇਤਰ ਪਹੁੰਚਿਆ ਦੀਪ ਸਿੱਧੂ, ਪੁਲਸ ਨਾਲ ਵੀ ਹੋਈ ਬਹਿਸ

11/26/2020 7:00:32 PM

ਜਲੰਧਰ (ਬਿਊਰੋ)– ਪੰਜਾਬੀ ਅਦਾਕਾਰ ਦੀਪ ਸਿੱਧੂ ਖੇਤੀ ਕਾਨੂੰਨ ਖਿਲਾਫ ਵਿੱਢੇ ਸੰਘਰਸ਼ ’ਚ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹਨ। ਸ਼ੰਭੂ ਬੈਰੀਅਰ ’ਤੇ ਪੱਕਾ ਧਰਨਾ ਲਗਾ ਕੇ ਬੈਠੇ ਦੀਪ ਸਿੱਧੂ ਵਲੋਂ ਅੱਜ ਸਾਥੀਆਂ ਸਮੇਤ ਦਿੱਲੀ ਵੱਲ ਕੂਚ ਕੀਤੀ ਗਈ। ਸ਼ੰਭੂ ਬਾਰਡਰ ਪਾਰ ਕਰ ਹਰਿਆਣਾ ਦੀ ਹੱਦ ’ਚ ਪਹੁੰਚੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕੁਝ ਲਾਈਵ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਲਾਈਵ ਵੀਡੀਓਜ਼ ’ਚੋਂ ਪਹਿਲੀ ਵੀਡੀਓ ’ਚ ਦੀਪ ਸਿੱਧੂ ਪੁਲਸ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਵੀਡੀਓ ’ਚ ਪੈਦਲ ਅੱਗੇ ਵਧਦੇ ਦਿਖਾਈ ਦੇ ਰਹੇ ਦੀਪ ਸਿੱਧੂ ਬਾਅਦ ’ਚ ਸਾਥੀਆਂ ਨਾਲ ਟਰਾਲੀ ’ਚ ਸਵਾਰ ਹੋ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ’ਤੇ ਹੋਈ ਪਾਣੀ ਦੀ ਵਾਛੜ ਨੂੰ ਦੇਖ ਪੰਜਾਬੀ ਕਲਾਕਾਰਾਂ ਦਾ ਛਲਕਿਆ ਦਰਦ, ਇੰਝ ਕੀਤਾ ਬਿਆਨ

ਦੀਪ ਸਿੱਧੂ ਦੀ ਦੂਜੀ ਵੀਡੀਓ ’ਚ ਉਹ ਖੇੜੀ ਮਾਰਕੰਡਾ, ਕੁਰੁਕਸ਼ੇਤਰ ਹਰਿਆਣਾ ’ਚ ਨਜ਼ਰ ਆ ਰਹੇ ਹਨ। ਵੀਡੀਓ ’ਚ ਦੀਪ ਸਿੱਧੂ ਦਾ ਸਾਥੀ ਕਹਿੰਦਾ ਹੈ ਕਿ ਅੱਜ ਪੂਰਾ ਪੰਜਾਬ ਦਿੱਲੀ ਨੂੰ ਕੂਚ ਕਰ ਰਿਹਾ ਹੈ। ਖੱਟੜ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਜਗ੍ਹਾ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਰੁਕਣ ਵਾਲੇ ਨਹੀਂ ਤੇ ਦਿੱਲੀ ਸਰਕਾਰ ਦੀ ਇੱਟ ਨਾਲ ਇੱਟ ਖੜਕਾਵਾਂਗੇ।

ਦੱਸਣਯੋਗ ਹੈ ਕਿ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ’ਤੇ ਹਰਿਆਣਾ ਸਰਕਾਰ ਵਲੋਂ ਰੋਕਿਆ ਜਾ ਰਿਹਾ ਹੈ। ਸ਼ੰਭੂ ਬਾਰਡਰ ’ਤੇ ਕਿਸਾਨਾਂ ’ਤੇ ਪਾਣੀ ਦੀ ਵਾਛੜ ਕਰਨ ਤੋਂ ਬਾਅਦ ਕਿਸਾਨਾਂ ਨੂੰ ਹਰਿਆਣਾ ਦੇ ਅੰਦਰ ਵੀ ਵੱਖ-ਵੱਖ ਥਾਵਾਂ ’ਤੇ ਰੋਕ ਕੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਣ ਦਾ, ਵੱਧ ਚੜ੍ਹ ਕੇ ਸਾਥ ਦੇਵੋ'

ਕੁਝ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ’ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਲਗਾਤਾਰ ਉਨ੍ਹਾਂ ਦੇ ਹੱਕ ’ਚ ਪੋਸਟਾਂ ਅਪਲੋਡ ਕਰ ਰਹੇ ਹਨ। ਹਾਲ ਹੀ ’ਚ ਦਿਲਜੀਤ ਦੋਸਾਂਝ, ਸਿੱਧੂ ਮੂਸੇ ਵਾਲਾ, ਅਮਰਿੰਦਰ ਗਿੱਲ ਸਮੇਤ ਕਈ ਕਲਾਕਾਰਾਂ ਨੇ ਕਿਸਾਨਾਂ ’ਤੇ ਹੋਈ ਪਾਣੀ ਦੀ ਵਾਛੜ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੇ ਭਲੇ ਦੀ ਅਰਦਾਸ ਕੀਤੀ ਸੀ।


Rahul Singh

Content Editor Rahul Singh