ਕ੍ਰੈਕ: ਜੀਤੇਗਾ ਤਾਂ ਜੀਏਗਾ : ਐਕਸ਼ਨ ਕਰਦੀਆਂ ਨਜ਼ਰ ਆਉਣਗੀਆਂ ਗਲੈਮਰਸ ‘ਗਰਲਜ਼’

Friday, Feb 16, 2024 - 10:31 AM (IST)

ਕ੍ਰੈਕ: ਜੀਤੇਗਾ ਤਾਂ ਜੀਏਗਾ : ਐਕਸ਼ਨ ਕਰਦੀਆਂ ਨਜ਼ਰ ਆਉਣਗੀਆਂ ਗਲੈਮਰਸ ‘ਗਰਲਜ਼’

ਹਿੰਦੀ ਸਿਨੇਮਾ ਵਿਚ ਜੇਕਰ ਐਕਸ਼ਨ ਦੀ ਗੱਲ ਕਰੀਏ ਤਾਂ ਵਿਦਯੁਤ ਜਾਮਵਾਲ ਨੂੰ ਐਕਸ਼ਨ ਕਿੰਗ ਮੰਨਿਆ ਜਾਂਦਾ ਹੈ। ਫਿਲਮਾਂ ਵਿਚ ਧਮਾਕੇਦਾਰ ਐਕਸ਼ਨ ਸੀਕਵੈਂਸ ਨੂੰ ਲੈ ਕੇ ਵਿਦਯੁਤ ਨੇ ਆਪਣਾ ਵੱਖਰਾ ਹੀ ਨਾਂ ਬਣਾਇਆ ਹੈ। ਹੁਣ ਐਕਟਰ ਦੀ ਅਪਕਮਿੰਗ ਫ਼ਿਲਮ ‘ਕ੍ਰੈਕ : ਜੀਤੇਗਾ ਤੋਂ ਜੀਏਗਾ’ ਵਿਚ ਇਕ ਵਾਰ ਫਿਰ ਵੱਡੇ ਪਰਦੇ ’ਤੇ ਆਪਣੇ ਸ਼ਾਨਦਾਰ ਐਕਸ਼ਨ ਦੀ ਛਾਪ ਛੱਡਣ ਲਈ ਤਿਆਰ ਹੈ। ਫ਼ਿਲਮ ਦਾ ਟ੍ਰੇਲਰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਫ਼ਿਲਮ ਨੂੰ ਲੈ ਕੇ ਹੋਰ ਵੀ ਵਧ ਗਿਆ ਹੈ। ਕ੍ਰੈਕ ਦੇ ਟ੍ਰੇਲਰ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਬਦਲੇ ’ਤੇ ਆਧਾਰਤ ਹੈ। ਅਰਜੁਨ ਰਾਮਪਾਲ ਨੇ ਇਕ ਵਾਰ ਫਿਰ ਨਕਾਰਾਤਮਕ ਭੂਮਿਕਾ ਵਿਚ ਆਪਣੀ ਛਾਪ ਛੱਡੀ ਹੈ, ਜਦਕਿ ਐਮੀ ਜੈਕਸਨ ਆਪਣੇ ਐਕਸ਼ਨ ਨਾਲ ਰੋਮਾਂਚ ਨੂੰ ਦੁੱਗਣਾ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਵਾਰ ਨੌਰਾ ਫਤੇਹੀ ਆਪਣੇ ਡਾਂਸ ਦੇ ਨਾਲ-ਨਾਲ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਉਣ ਵਾਲੀ ਹੈ। ਕ੍ਰੈਕ 23 ਫਰਵਰੀ, 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਵਿਦਯੁਤ ਜਾਮਵਾਲ, ਅਰਜੁਨ ਰਾਮਪਾਲ, ਐਮੀ ਜੈਕਸਨ ਅਤੇ ਨੌਰਾ ਫਤੇਹੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਅਸੀਂ ਵੱਡੇ ਪਰਦੇ ਲਈ ਇਕ ਸ਼ਾਨਦਾਰ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ : ਵਿਦਯੁਤ ਜਾਮਵਾਲ

ਫ਼ਿਲਮ ਕ੍ਰੈਕ ਤੁਹਾਡੇ ਪ੍ਰੋਡਕਸ਼ਨ ਵਿਚ ਬਣੀ ਹੈ ਤਾਂ ਦਰਸ਼ਕਾਂ ਨੂੰ ਇਸ ਵਿਚ ਭਰਪੂਰ ਐਕਸ਼ਨ ਅਤੇ ਚੰਗੀ ਦਿੱਖ ਵਾਲੇ ਕਲਾਕਾਰਾਂ ਤੋਂ ਇਲਾਵਾ ਹੋਰ ਕੀ ਦੇਖਣ ਨੂੰ ਮਿਲੇਗਾ?
ਇਸ ਫ਼ਿਲਮ ਵਿਚ ਨਾ ਸਿਰਫ਼ ਬਹੁਤ ਸਾਰੇ ਐਕਸ਼ਨ ਅਤੇ ਚੰਗੇ ਦਿੱਖ ਵਾਲੇ ਕਲਾਕਾਰ ਹਨ, ਸਗੋਂ ਇਸ ਵਿਚ ਇਕ ਚੰਗੀ ਕਹਾਣੀ ਵੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਪਹਿਲਾਂ ਕਦੇ ਇਸ ਪੱਧਰ ਦਾ ਐਕਸ਼ਨ ਕੀਤਾ ਹੈ। ਅਸੀਂ ਸਿਨੇਮਾ ਵਿਚ ਵੱਡੇ ਪਰਦੇ ਲਈ ਇਕ ਸ਼ਾਨਦਾਰ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਵਿਚ ਜੋ ਸਾਰੇ ਦਿੱਗਜ ਲੋਕ ਹਨ, ਜਿਨ੍ਹਾਂ ਨਾਲ ਅਸੀਂ ਕੰਮ ਕਰ ਸਕਦੇ ਸੀ, ਉਨ੍ਹਾਂ ਸਾਰਿਆਂ ਨੂੰ ਇਕੱਠਾ ਕੀਤਾ। ਜਦੋਂ ਅਜਿਹੇ ਲੋਕ ਇਕੱਠੇ ਹੁੰਦੇ ਹਨ ਤਾਂ ਰੋਮਾਂਚ ਵੱਖਰਾ ਹੁੰਦਾ ਹੈ। ਜਿਸ ਨੂੰ ਤੁਸੀਂ ਕ੍ਰੈਕ ਵਿਚ ਦੇਖੋਗੇ।

ਫਿਲਮ ਵਿਚ ਐਕਸ਼ਨ ਜ਼ਿਆਦਾ ਹੈ, ਥੋੜਾ ਉਸ ਬਾਰੇ ਥੋੜ੍ਹਾ ਦੱਸੋ?
ਮੈਨੂੰ ਹਮੇਸ਼ਾ ਬਿਹਤਰ ਲੋਕਾਂ ਨਾਲ ਕੰਮ ਕਰਨ ਵਿਚ ਮਜ਼ਾ ਆਉਂਦਾ ਹੈ, ਕਿਉਂਕਿ ਫਿਰ ਕੰਮ ਆਸਾਨ ਹੋ ਜਾਂਦਾ ਹੈ, ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਲ ਸਭ ਕੁਝ ਇੰਨੇ ਵਧੀਆ ਢੰਗ ਨਾਲ ਕਰਦਾ ਹੈ ਕਿ ਤੁਸੀਂ ਵੀ ਬਿਹਤਰ ਦਿਸਣ ਲੱਗਦੇ ਹੋ। ਐਕਸ਼ਨ ਵਿਚ ਜੋ ਕੁਝ ਮੈਂ ਪਹਿਲਾਂ ਕੀਤਾ ਹੈ, ਉਸ ਤੋਂ ਵੀ ਬਿਹਤਰ ਕੰਮ ਕਰਨਾ ਹੈ, ਮੈਂ ਵਾਰ-ਵਾਰ ਇਕੋ ਜਿਹੀਆਂ ਚੀਜ਼ਾਂ ਕਰਨਾ ਪਸੰਦ ਨਹੀਂ ਕਰਨਾ ਚਾਹੁੰਦਾ ਅਤੇ ਜਦੋਂ ਤੁਹਾਡੇ ਕੋਲ ਇਕ ਅਜਿਹਾ ਡਾਇਰੈਕਟਰ ਹੈ, ਜੋ ਤੁਹਾਡੇ ’ਤੇ ਪੂਰਾ ਭਰੋਸਾ ਕਰਦਾ ਹੈ, ਤਾਂ ਕੰਮ ਕਰਨਾ ਹੋਰ ਮਜ਼ੇਦਾਰ ਹੋ ਜਾਂਦਾ ਹੈ। ਮੈਂ ਫ਼ਿਲਮ ਵਿਚ ਆਪਣਾ ਬੈਸਟ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਸਕ੍ਰਿਪਟ ਵਿਚ ਵੀ ਲਿਖ ਲੈਂਦਾ ਹਾਂ : ਆਦਿਤਿਆ ਦੱਤ

ਤੁਸੀਂ ਇਸ ਫ਼ਿਲਮ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਤਾਂ ਇਕ ਐਕਸ਼ਨ ਫ਼ਿਲਮ ਨੂੰ ਲਿਖਿਆ ਕਿਵੇਂ ਜਾਂਦਾ ਹੈ, ਜੋ ਵੱਡੇ ਪਰਦੇ ’ਤੇ ਵੀ ਰੋਮਾਂਚਕ ਦਿਖਾਈ ਦੇਵੇ।
ਜਦੋਂ ਅਸੀਂ ਕਿਸੇ ਲਵ ਸਟੋਰੀ ਨਾਲ ਜੁੜਿਆ ਕੋਈ ਸੀਨ ਲਿਖਦੇ ਹਾਂ ਤਾਂ ਸਾਡੇ ਮਨ ਵਿਚ ਖਿਆਲ ਆਉਂਦਾ ਹੈ ਕਿ ਇਹ ਹੀਰੋ-ਹੀਰੋਇਨ ਦਾ ਰੋਲ ਹੋਵੇਗਾ। ਇਸੇ ਤਰ੍ਹਾਂ ਐਕਸ਼ਨ ਸੀਨ ਲਿਖਣ ਵੇਲੇ ਮੇਰੇ ਮਨ ਵਿਚ ਜੋ ਵੀ ਵਿਚਾਰ ਆਉਂਦੇ ਹਨ, ਜੋ ਮੈਨੂੰ ਲੱਗਦਾ ਹੈ ਕਿ ਪਰਦੇ ’ਤੇ ਬਹੁਤ ਹੀ ਵੱਖਰਾ ਅਤੇ ਧਮਾਕੇਦਾਰ ਲੱਗੇਗਾ, ਮੈਂ ਉਹੋ ਸਕ੍ਰਿਪਟ ਵਿਚ ਵੀ ਲਿਖ ਲੈਂਦਾ ਹਾਂ। ਐਕਸ਼ਨ ਲਿਖਣ ਵੇਲੇ ਵੀ ਹਰ ਬੀਟ ਲਿਖਣੀ ਪੈਂਦੀ ਹੈ। ਹੀਰੋ ਕਿਵੇਂ ਭੱਜੇਗਾ ਜਾਂ ਲੜਾਈ ਦੇ ਕਿਸ ਤਰ੍ਹਾਂ ਦੇ ਸੀਨ ਹੋਣਗੇ? ਇਹ ਸਭ ਸਾਡੀ ਕਲਪਨਾ ਹੁੰਦੀ ਹੈ, ਜਿਸ ਰਾਹੀਂ ਅਸੀਂ ਸਕ੍ਰਿਪਟ ਲਿਖਦੇ ਹਾਂ ਅਤੇ ਫਿਰ ਇਸਨੂੰ ਵੱਡੇ ਪਰਦੇ ’ਤੇ ਉਤਾਰਦੇ ਹਾਂ।

ਇਸ ਫ਼ਿਲਮ ਦੀ ਕਾਸਟਿੰਗ ਕਿਵੇਂ ਕੀਤੀ, ਤੁਸੀਂ ਜਾਂ ਸਟਾਰ ਕਾਸਟ ਬਾਰੇ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ?
ਜਦੋਂ ਮੈਂ ਇਹ ਸਕ੍ਰਿਪਟ ਲਿਖੀ ਸੀ, ਵਿਦਯੁਤ ਅਤੇ ਮੈਨੂੰ ਪਤਾ ਸੀ ਕਿ ਅਸੀਂ ਇਕੱਠੇ ਫ਼ਿਲਮ ਕਰਨ ਜਾ ਰਹੇ ਹਾਂ। ਜਦੋਂ ਅਸੀਂ ਕਮਾਂਡੋ ਖਤਮ ਕੀਤੀ ਤਾਂ ਸੋਚਿਆ ਕਿ ਹੁਣ ਅੱਗੇ ਕੀ ਹੋਵੇਗਾ, ਕਿਉਂਕਿ ਅਸੀਂ ਵਾਰ-ਵਾਰ ਇਕੋ ਜਿਹੀਆਂ ਚੀਜ਼ਾਂ ਨੂੰ ਨਹੀਂ ਦਿਖਾ ਸਕਦੇ, ਜੋ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ ਫ਼ਿਲਮ ਦਾ ਵਿਚਾਰ ਹਮੇਸ਼ਾ ਮੇਰੇ ਦਿਮਾਗ ਵਿਚ ਘੁੰਮਦਾ ਰਹਿੰਦਾ ਸੀ ਅਤੇ ਮੈਂ ਹਮੇਸ਼ਾ ਅਜਿਹੀ ਵੱਖਰੀ ਐਕਸ਼ਨ ਵਾਲੀ ਫ਼ਿਲਮ ਕਰਨਾ ਚਾਹੁੰਦਾ ਸੀ, ਜਿਸ ਵਿਚ ਮੁੰਬਈ ਦੇ ਚਾਲ ਏਰੀਏ ਦਾ ਇਕ ਲੜਕਾ, ਜੋ ਬਾਈਕ ਚਲਾਉਣ ਦਾ ਬਹੁਤ ਸ਼ੌਕੀਨ ਹੋਵੇ। ਜੋ ਮੁੰਬਈ ਦੀਆਂ ਗਲੀਆਂ ਅਤੇ ਪੁਲਾਂ ’ਤੇ ਇਧਰ-ਉਧਰ ਭੱਜਦਾ-ਫਿਰਦਾ ਹੈ। ਇਸ ਸਭ ਦੇ ਲਈ ਵਿਦਯੁਤ ਦਾ ਫ਼ਿਲਮ ਵਿਚ ਹੋਣਾ ਜ਼ਰੂਰੀ ਸੀ ਅਤੇ ਇਹ ਇਕ ਐਕਸ਼ਨ ਫ਼ਿਲਮ ਹੈ, ਇਸ ਲਈ ਨੌਰਾ ਅਤੇ ਐਮੀ ਦੇ ਗਲੈਮਰ ਦੇ ਨਾਲ ਦਰਸ਼ਕਾਂ ਨੂੰ ਐਕਸ਼ਨ ਵੀ ਦੇਖਣ ਨੂੰ ਮਿਲੇਗਾ।

ਫਿਲਮ ਦੀ ਕਹਾਣੀ ਅਤੇ ਮੇਰਾ ਕਿਰਦਾਰ ਬਹੁਤ ਹੀ ਜ਼ਬਰਦਸਤ ਹੈ : ਨੌਰਾ ਫਤੇਹੀ

ਜਦੋਂ ਤੁਹਾਨੂੰ ਆਫਰ ਆਇਆ ਤਾਂ ਕੀ ਰੀਐਕਸ਼ਨ ਸੀ ਤੁਹਾਡਾ?
ਜਦੋਂ ਇਸ ਫ਼ਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਗਿਆ ਤਾਂ ਮੈਂ ਊਟੀ ਦੇ ਰਸਤੇ ਕਿਤੇ ਜਾ ਰਹੀ ਸੀ। ਮੇਰੇ ਮੋਬਾਈਲ ਫ਼ੋਨ ਵਿਚ ਨੈੱਟਵਰਕ ਬਿਲਕੁਲ ਵੀ ਨਹੀਂ ਸੀ। ਜਦੋਂ ਨਿਰਦੇਸ਼ਕ ਆਦਿਤਿਆ ਦੱਤ ਨੇ ਫੋਨ ਕੀਤਾ ਤਾਂ ਗੱਲ ਨਹੀਂ ਹੋ ਸਕੀ। ਮੇਰੀ ਬੇਚੈਨੀ ਵਧਣ ਲੱਗੀ ਕਿ ਪਹਿਲੀ ਵਾਰ ਮੈਨੂੰ ਫ਼ਿਲਮ ਵਿਚ ਲੀਡ ਭੂਮਿਕਾ ਦਾ ਆਫਰ ਆ ਰਿਹਾ ਹੈ ਅਤੇ ਗੱਲਬਾਤ ਨਹੀਂ ਹੋ ਰਹੀ ਪਰ ਜਿਵੇਂ ਹੀ ਮੈਂ ਪਹੁੰਚੀ, ਸਾਡੀ ਜ਼ੂਮ ’ਤੇ ਮੀਟਿੰਗ ਹੋਈ। ਫ਼ਿਲਮ ਦੀ ਕਹਾਣੀ ਅਤੇ ਮੇਰਾ ਕਿਰਦਾਰ ਬਹੁਤ ਹੀ ਜ਼ਬਰਦਸਤ ਹੈ।

ਤੁਸੀਂ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹੋ, ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਤਜ਼ਰਬਾ?
ਬਹੁਤ ਵਧੀਆ ਅਨੁਭਵ ਸੀ। ਮੈਂ ਹਮੇਸ਼ਾ ਤਜ਼ਰਬੇਕਾਰ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਮੈਂ ਇਸ ਤੋਂ ਪਹਿਲਾਂ ਵੀ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿਚ ਮੈਂ ਥੋੜ੍ਹੀ-ਥੋੜੀ ਐਕਟਿੰਗ ਕੀਤੀ ਹੈ ਪਰ ਇਹ ਇਕ ਪੂਰੀ ਫ਼ਿਲਮ ਹੈ, ਜਿਸ ਵਿਚ ਮੈਂ ਦਰਸ਼ਕਾਂ ਨੂੰ ਨਜ਼ਰ ਆਉਣ ਵਾਲੀ ਹਾਂ।

ਫ਼ਿਲਮ ਵਿਚ ਮੈਂ ਐਥਲੀਟ ਨਾਲ ਮੁਕਾਬਲਾ ਕਰਨਾ ਸੀ : ਅਰਜੁਨ ਰਾਮਪਾਲ

ਫ਼ਿਲਮ ਵਿਚ ਤੁਹਾਡੇ ਸਿਕਸ ਪੈਕ ਐਬਸ ਕਿੰਨੇ ਅਸਲੀ ਹਨ, ਉਨ੍ਹਾਂ ਨੂੰ ਬਣਾਉਣ ਵਿਚ ਕਿੰਨਾ ਸਮਾਂ ਲੱਗਿਆ ਅਤੇ ਤੁਸੀਂ ਕਿਹੜੀਆਂ ਤਿਆਰੀਆਂ ਕੀਤੀਆਂ ਹਨ?
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਫ਼ਿਲਮ ਵਿਚ ਕੁਝ ਵੀ ਫਰਜ਼ੀ ਨਹੀਂ ਹੈ। ਜੇਕਰ ਕੋਈ ਕਹੇ ਕਿ ਉਹ ਸਿਕਸ ਪੈਕ ਪੇਂਟ ਕਰ ਦੇਵੇਗਾ, ਤਾਂ ਇਹ ਬਹੁਤ ਅਜੀਬ ਲੱਗਦਾ ਹੈ, ਕਿਉਂਕਿ ਅੱਜ ਦਾ ਦੌਰ ਉਹ ਦੌਰ ਹੈ, ਜਿਸ ਵਿਚ ਅਜਿਹਾ ਹੁੰਦਾ ਹੈ ਕਿ ਕੋਈ ਨਕਲੀ ਸਿਕਸ ਪੈਕ ਐਬਸ ਤੁਹਾਡੇ ਸ਼ਰੀਰ ’ਤੇ ਲਗਾ ਦੇਵੇਗਾ ਪਰ ਮੈਂ ਉਸ ਸਕੂਲ ਦਾ ਨਹੀਂ ਹਾਂ ਜਿੱਥੇ ਜਾਅਲੀ ਸਿਕਸ ਪੈਕ ਐਬਸ ਦੀ ਵਰਤੋਂ ਕਰਨੀ ਪਵੇ। ਅਸੀਂ ਸਾਰੇ ਮਿਲ ਕੇ ਇਕ ਅਸਲੀ ਫ਼ਿਲਮ ਬਣਾ ਰਹੇ ਸੀ, ਇਸ ਲਈ ਸਾਡੇ ਵਿਚੋਂ ਕੋਈ ਵੀ ਅਜਿਹਾ ਨਹੀਂ ਸੀ, ਜਿਸ ਨੂੰ ਆਪਣੇ-ਆਪ ਨੂੰ ਦਿਲਚਸਪ ਬਣਾਉਣ ਲਈ ਕਿਸੇ ਨਕਲੀ ਚੀਜ਼ ਦੀ ਲੋੜ ਪਵੇ। ਫ਼ਿਲਮ ਵਿਚ ਮੈਂ ਇਕ ਐਥਲੀਟ ਨਾਲ ਲੜਨਾ ਸੀ, ਇਸ ਲਈ ਮੈਨੂੰ ਉਸ ਮੁਤਾਬਕ ਖੁਦ ਨੂੰ ਤਿਆਰ ਕਰਨਾ ਪਿਆ ਅਤੇ ਮੈਨੂੰ ਪਤਾ ਸੀ ਕਿ ਜੋ ਐਕਸ਼ਨ ਹੋਵੇਗਾ, ਉਹ ਇਕ ਲੈਵਲ ਉੱਪਰ ਦਾ ਹੋਵੇਗਾ। ਇਸ ਲਈ ਅਜਿਹੀ ਸਥਿਤੀ ਵਿਚ ਤੁਹਾਡੇ ਸਰੀਰ ਵਿਚ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਤੁਸੀਂ ਜ਼ਖਮੀ ਨਾ ਹੋਵੋ। ਇਸ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪਈ ਅਤੇ ਮੈਂ ਵੀ ਸਿਕਸ ਪੈਕ ਐਬਸ ਲਈ ਕਾਫੀ ਮਿਹਨਤ ਕੀਤੀ ਹੈ। ਵਿਦਯੁਤ ਨਾਲ ਕੰਮ ਕਰਨ ਲਈ ਖੁਦ ਦੀ ਬਾਡੀ ਨੂੰ ਉਸੇ ਤਰ੍ਹਾਂ ਦੇ ਐਕਸ਼ਨ ਵਿਚ ਢਾਲਣਾ ਪੈਂਦਾ ਹੈ। ਮੈਂ ਅਤੇ ਵਿਦਯੁਤ ਅਸੀਂ ਦੋਵੇਂ ਹੀ ਫ਼ਿਲਮ ਵਿਚ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ।

ਮੈਂ ਹਮੇਸ਼ਾ ਵੱਖਰੀ ਸ਼ੈਲੀ ਦੀਆਂ ਫ਼ਿਲਮਾਂ ਕਰਨਾ ਚਾਹੁੰਦੀ ਹਾਂ : ਐਮੀ ਜੈਕਸਨ

ਇਸ ਐਕਸ਼ਨ ਫ਼ਿਲਮ ਨੂੰ ਕਰਨ ਦਾ ਤੁਹਾਡਾ ਕੀ ਕਾਰਨ ਸੀ?
ਮੈਨੂੰ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਕਰਨਾ ਪਸੰਦ ਹੈ, ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੇਰੇ ਕੋਲ ਇਸ ਫ਼ਿਲਮ ਦਾ ਆਫਰ ਆਇਆ ਤਾਂ ਇਹ ਐਕਸ਼ਨ ਫ਼ਿਲਮ ਸੀ ਅਤੇ ਮੈਂ ਵੀ ਐਕਸ਼ਨ ਫ਼ਿਲਮ ਕਰਨਾ ਚਾਹੁੰਦੀ ਸੀ। ਮੈਨੂੰ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਕਿਉਂਕਿ ਇਸ ਵਿਚ ਐਕਸ਼ਨ ਦੇ ਨਾਲ-ਨਾਲ ਇਕ ਵੱਖਰੀ ਅਤੇ ਬਹੁਤ ਵਧੀਆ ਕਹਾਣੀ ਸੀ। ਮੈਂ ਹਮੇਸ਼ਾ ਆਪਣੀ ਹੱਦ ਤੋਂ ਵੱਧ ਅਤੇ ਕੁਝ ਵੱਖਰਾ ਕਰਨਾ ਚਾਹੁੰਦੀ ਹਾਂ ਅਤੇ ਇਹ ਫ਼ਿਲਮ ਮੇਰੇ ਲਈ ਕੁਝ ਇਸੇ ਤਰ੍ਹਾਂ ਦੀ ਸੀ, ਇਸ ਲਈ ਮੈਂ ਇਸ ਲਈ ਹਾਂ ਕਹਿ ਦਿੱਤੀ। ਇਸ ਦੇ ਨਾਲ ਹੀ, ਮੈਂ ਇਸ ਫ਼ਿਲਮ ਨੂੰ ਕਰਨ ਲਈ ਬਹੁਤ ਉਤਸੁਕ ਵੀ ਸੀ ਅਤੇ ਨਿਰਮਾਤਾਵਾਂ ਨੇ ਇਸ ਭੂਮਿਕਾ ਲਈ ਚੁਣਿਆ, ਇਹ ਮੇਰੇ ਲਈ ਇਕ ਵੱਡਾ ਮੌਕਾ ਸੀ। ਹੁਣ ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।

ਤੁਸੀਂ ਇਕ ਮਾਂ, ਐਕਟ੍ਰੈੱਸ ਅਤੇ ਵਕੀਲ ਵੀ ਹੋ, ਤੁਹਾਡੇ ਬਾਰੇ ਅਜਿਹਾ ਹੋਰ ਕੀ ਹੈ, ਜੋ ਲੋਕ ਨਹੀਂ ਜਾਣਦੇ?
ਮੈਨੂੰ ਲੱਗਦਾ ਹੈ ਕਿ ਮੈਂ ਇਕ ਖੁੱਲ੍ਹੀ ਕਿਤਾਬ ਵਾਂਗ ਹਾਂ, ਮੈਂ ਕਦੇ ਵੀ ਕੁਝ ਨਹੀਂ ਲੁਕਾਉਂਦੀ। ਤੁਸੀਂ ਪਹਿਲੀ ਮੁਲਾਕਾਤ ਵਿਚ ਹੀ ਮੇਰੀ ਸ਼ਖ਼ਸੀਅਤ ਬਾਰੇ ਜਾਣ ਸਕਦੇ ਹੋ। ਮੈਂ ਕਦੇ ਵੀ ਕੁਝ ਸੀਕ੍ਰੇਟ ਰੱਖਣਾ ਪਸੰਦ ਨਹੀਂ ਕਰਦੀ। ਇਸ ਲਈ ਮੇਰੇ ਬਾਰੇ ਹੋਰ ਜੋ ਚੀਜ਼ਾਂ ਹਨ, ਉਹ ਲੁਕੀਆਂ ਨਹੀਂ ਹਨ, ਕਿਉਂਕਿ ਮੈਂ ਆਪਣੀ ਸ਼ਖ਼ਸੀਅਤ ਨੂੰ ਲੁਕਾਉਣਾ ਪਸੰਦ ਨਹੀਂ ਕਰਦੀ।


author

sunita

Content Editor

Related News