ਕਰਜ਼ੇ ਦਾ ਭਾਰ ਨਹੀਂ ਝੱਲ ਸੱਕਿਆ ਕੋਰੀਓਗ੍ਰਾਫਰ ਚੈਤੰਨਿਆ, ਵੀਡੀਓ ਪੋਸਟ ਕਰਨ ਮਗਰੋਂ ਕੀਤੀ ਆਤਮ ਹੱਤਿਆ
Tuesday, May 02, 2023 - 12:31 PM (IST)
ਮੁੰਬਈ (ਬਿਊਰੋ)– ਡਾਂਸ ਕੋਰੀਓਗ੍ਰਾਫਰ ਚੈਤੰਨਿਆ ਤੇਲਗੂ ਦੇ ਮਸ਼ਹੂਰ ਡਾਂਸ ਗੀਤ ‘ਧੀ’ ’ਚ ਨਜ਼ਰ ਆਏ ਸਨ। 30 ਅਪ੍ਰੈਲ ਨੂੰ ਕੋਰੀਓਗ੍ਰਾਫਰ ਨੇ ਆਪਣੀ ਇਕ ਭਾਵੁਕ ਵੀਡੀਓ ਸ਼ੂਟ ਕੀਤੀ ਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ। ਇਸ ਤੋਂ ਬਾਅਦ ਉਹ ਨੇਲੋਰ ’ਚ ਮ੍ਰਿਤਕ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਰੀਓਗ੍ਰਾਫਰ ਚੈਤੰਨਿਆ ਦੀ ਮੌਤ ਖ਼ੁਦਕੁਸ਼ੀ ਕਰਕੇ ਹੋਈ ਹੈ। ਖ਼ਬਰਾਂ ਮੁਤਾਬਕ ਚੈਤੰਨਿਆ ਨੇ ਕਾਫੀ ਕਰਜ਼ਾ ਲਿਆ ਸੀ। ਉਹ ਇਸ ਦਾ ਭੁਗਤਾਨ ਕਰਨ ਤੋਂ ਅਸਮਰੱਥ ਸੀ। ਉਸ ’ਤੇ ਆਰਥਿਕ ਵਚਨਬੱਧਤਾਵਾਂ ਦਾ ਦਬਾਅ ਦਿਨੋਂ-ਦਿਨ ਵਧਦਾ ਜਾ ਰਿਹਾ ਸੀ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਚੈਤੰਨਿਆ ਨੇ ਸੋਸ਼ਲ ਮੀਡੀਆ ’ਤੇ ਆਪਣੇ ਬਾਰੇ ਜੋ ਆਖਰੀ ਵੀਡੀਓ ਪੋਸਟ ਕੀਤੀ ਸੀ, ਉਸ ’ਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਸਨ, ‘‘ਮੇਰੀ ਮਾਂ, ਪਿਤਾ ਤੇ ਭੈਣ, ਸਾਰਿਆਂ ਨੇ ਮੇਰੀ ਚੰਗੀ ਤਰ੍ਹਾਂ ਦੇਖਭਾਲ ਕੀਤੀ। ਇਨ੍ਹਾਂ ’ਚੋਂ ਕਿਸੇ ਨੇ ਵੀ ਮੈਨੂੰ ਕਿਸੇ ਕਿਸਮ ਦੀ ਤਕਲੀਫ਼ ਨਹੀਂ ਦਿੱਤੀ। ਮੈਂ ਆਪਣੇ ਸਾਰੇ ਦੋਸਤਾਂ ਤੋਂ ਮੁਆਫ਼ੀ ਮੰਗਦਾ ਹਾਂ। ਮੈਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਤੇ ਮੈਂ ਉਨ੍ਹਾਂ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਪਰ ਪੈਸੇ ਦੇ ਮਾਮਲੇ ’ਚ ਮੈਂ ਆਪਣੇ ਆਪ ਨੂੰ ਨਿਰਾਸ਼ ਕੀਤਾ ਹੈ। ਜਦੋਂ ਮੈਂ ਕਰਜ਼ਾ ਲਿਆ, ਮੈਂ ਸੋਚਿਆ ਕਿ ਮੈਂ ਇਸ ਨੂੰ ਸਮੇਂ ਸਿਰ ਵਾਪਸ ਕਰਾਂਗਾ ਪਰ ਅਜਿਹਾ ਨਹੀਂ ਹੋ ਸਕਿਆ। ਮੇਰੇ ਕੋਲ ਹੁਣ ਉਨ੍ਹਾਂ ਨੂੰ ਭਰਨ ਦੀ ਹਿੰਮਤ ਨਹੀਂ ਹੈ। ਮੈਂ ਨਹੀਂ ਕਰ ਸਕਦਾ। ਇਸ ਸਮੇਂ ਮੈਂ ਨੇਲੋਰ ’ਚ ਹਾਂ ਤੇ ਇਹ ਮੇਰਾ ਆਖਰੀ ਦਿਨ ਹੈ। ਮੈਂ ਕਰਜ਼ੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰ ਸਕਾਂਗਾ।’’
ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ
ਪ੍ਰਸ਼ੰਸਕਾਂ ਨੇ ਚੈਤੰਨਿਆ ਦੇ ਇਸ ਕਦਮ ਨੂੰ ਗਲਤ ਦੱਸਿਆ। ਸਾਰਿਆਂ ਨੇ ਕਿਹਾ ਕਿ ਖ਼ੁਦਕੁਸ਼ੀ ਕੋਈ ਹੱਲ ਨਹੀਂ ਹੈ। ਦੱਸ ਦੇਈਏ ਕਿ ਚੈਤਨਿਆ ਇਕ ਜਨਤਕ ਹਸਤੀ ਰਹਿ ਚੁੱਕੇ ਹਨ। 30 ਸਾਲ ਤੋਂ ਵੱਧ ਦੀ ਉਮਰ ’ਚ ਚੈਤੰਨਿਆ ਨੇ ਡਾਂਸ ਸ਼ੋਅਜ਼ ਰਾਹੀਂ ਨਾਮ ਕਮਾਇਆ। ਪ੍ਰਸ਼ੰਸਕ ਇਹ ਸਵੀਕਾਰ ਨਹੀਂ ਕਰ ਪਾ ਰਹੇ ਹਨ ਕਿ ਚੈਤੰਨਿਆ ਮਾਸਟਰ ਹੁਣ ਉਨ੍ਹਾਂ ਦੇ ਨਾਲ ਨਹੀਂ ਹੈ।
ਚੈਤੰਨਿਆ ਦੀ ਇਸ ਆਖਰੀ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹੋ ਗਏ ਪਰ ਉਦੋਂ ਤੱਕ ਉਸ ਦੇ ਮ੍ਰਿਤਕ ਪਾਏ ਜਾਣ ਦੀ ਖ਼ਬਰ ਆ ਚੁੱਕੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।