ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਪੜ੍ਹ ਨਿਕਲਣਗੇ ਤੁਹਾਡੇ ਹੰਝੂ
Sunday, Jun 11, 2023 - 10:55 AM (IST)
ਐਂਟਰਟੇਨਮੈਂਟ ਡੈਸਕ– ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਜਨਮਦਿਨ ਹੈ। ਸਿੱਧੂ ਦਾ ਜਨਮ 11 ਜੂਨ, 1993 ਨੂੰ ਮੂਸਾ ਪਿੰਡ ਵਿਖੇ ਹੋਇਆ। 29 ਮਈ, 2022 ਨੂੰ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਉਸ ਦੇ ਚਾਹੁਣ ਵਾਲਿਆਂ ਵਲੋਂ ਜਨਮਦਿਨ ਮੌਕੇ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਉਥੇ ਮਾਂ ਚਰਨ ਕੌਰ ਨੇ ਵੀ ਭਾਵੁਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਇੰਡਸਟਰੀ ਦੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਮੰਗਲ ਢਿੱਲੋਂ ਦਾ ਦੇਹਾਂਤ
ਚਰਨ ਕੌਰ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਪੁੱਤ, ਅੱਜ ਦੇ ਦਿਨ ਮੇਰੀਆਂ ਮੁਰਾਦਾਂ ਤੇ ਦੁਆਵਾਂ ਸੱਚ ਹੋਈਆਂ ਸੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ’ਚ ਮਹਿਸੂਸ ਕੀਤਾ ਸੀ ਤੇ ਮੈਨੂੰ ਪਤਾ ਲੱਗਾ ਸੀ ਕਿ ਮੈਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਸ਼ੁੱਭ ਤੁਹਾਨੂੰ ਪਤਾ ਤੁਹਾਡੇ ਨਿੱਕੇ-ਨਿੱਕੇ ਪੈਰਾਂ ਉੱਪਰ ਹਲਕੀ-ਹਲਕੀ ਲਾਲੀ ਸੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨੰਨ੍ਹੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆ ਦਾ ਸਫ਼ਰ ਕਰ ਲੈਣਾ ਤੇ ਮੋਟੀਆਂ-ਮੋਟੀਆਂ ਅੱਖਾਂ ਸੀ, ਜੋ ਧੁਰੋਂ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈ ਕੇ ਆਈਆਂ ਸਨ।’’
ਉਨ੍ਹਾਂ ਅੱਗੇ ਲਿਖਿਆ, ‘‘ਉਹ ਇਹ ਨਹੀਂ ਜਾਣਦੀਆਂ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇ ਕੇ ਜੱਗ ਤੋਂ ਜਾਣਗੀਆਂ ਤੇ ਇਨ੍ਹਾਂ ਖੂਬੀਆਂ ਦੀ ਪਛਾਣ ਬਣਨ ਵਾਲੀ ਤੁਹਾਡੀ ਉਹ ਕਲਮ ਜਿਸ ਨੂੰ ਫੜ੍ਹਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ-ਨਿੱਕੇ ਹੱਥ ਸੀ, ਜਿਨ੍ਹਾਂ ਨੂੰ ਦੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸਨ ਤੇ ਦਸਤਾਰ ਵਰਗੇ ਅਨਮੋਲ ਤਾਜ ਨੂੰ ਸਾਂਭਣ ਵਾਲੇ ਸਿਰ ਤੇ ਭਰਵੇਂ ਵਾਲ ਸੀ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀਂ ਆਖ਼ਰੀ ਵਾਰ ਗੁੰਦਣਾ।’’
ਅਖੀਰ ’ਚ ਚਰਨ ਕੌਰ ਨੇ ਲਿਖਿਆ, ‘‘ਜੇ ਉਸ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ, ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਤੇ ਅਣਖ ਦੇ ਰਸਤੇ ’ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾਂ ’ਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾ ਲੈਂਦੀ। ਪੁੱਤ ਬੇਸ਼ੱਕ ਤੁਸੀਂ ਮੈਨੂੰ ਤੁਰਦੇ-ਫਿਰਦੇ ਨਹੀਂ ਦਿਖਦੇ ਪਰ ਮੈਂ ਤੁਹਾਨੂੰ ਆਪਣੇ ਆਲੇ-ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ। ਪੁੱਤ ਤੁਸੀਂ ਜਿਥੇ ਵੀ ਹੋ, ਉਥੇ ਖ਼ੁਸ਼ ਹੋਵੋ, ਇਹੀ ਤੁਹਾਡੇ ਜਨਮਦਿਨ ’ਤੇ ਮੈਂ ਅਰਦਾਸ ਕਰਦੀ ਹਾਂ। ਤੁਹਾਡੀ ਬਹੁਤ ਯਾਦ ਆ ਰਹੀ ਆ ਅੱਜ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।