ਚਮਕੀਲੇ ਨੂੰ ਆਈ ਸੀ ਸ਼੍ਰੀਦੇਵੀ ਨਾਲ ਫ਼ਿਲਮ ਕਰਨ ਦੀ ਆਫ਼ਰ! ਇਸ ਕਾਰਨ ਕਰ ਦਿੱਤੀ ਸੀ ਨਾਂਹ
Saturday, Apr 13, 2024 - 03:27 PM (IST)
 
            
            ਐਂਟਰਟੇਨਮੈਂਟ ਡੈਸਕ: ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅੱਜਕੱਲ੍ਹ ਕਾਫ਼ੀ ਚਰਚਾ ਵਿਚ ਹਨ। ਦਰਅਸਲ, ਉਨ੍ਹਾਂ ਦੇ ਜੀਵਨ 'ਤੇ ਅਧਾਰਤ ਫ਼ਿਲਮ ਸ਼ੁੱਕਰਵਾਰ ਨੂੰ ਨੈੱਟਫ਼ਲਿਕਸ 'ਤੇ ਰਿਲੀਜ਼ ਹੋਈ ਹੈ, ਜਿਸ ਵਿਚ ਦਿਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਕਾਰਨ ਚਮਕੀਲਾ ਇਕ ਵਾਰ ਫ਼ਿਰ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਹੁਣ ਉਸ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ ਵੀ ਸਾਹਮਣੇ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੀ ਤੋੜ 'ਚ ਟੁੱਟੇ ਨੌਜਵਾਨ ਨੇ ਆਪਣੇ ਹੀ ਘਰ ਨੂੰ ਲਾਈ ਅੱਗ, ਗਾਰਡਰ ਵੇਚ ਕੇ ਖਰੀਦਿਆ ਨਸ਼ਾ
ਦਰਅਸਲ, ਮਰਹੂਮ ਗਾਇਕ ਦੇ ਦੋਸਤ ਸਵਰਨ ਸਿਵੀਆ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਚਮਕੀਲੇ ਦੀ ਇੰਨ੍ਹੀਂ ਚੜ੍ਹਤ ਸੀ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਵੀ ਉਸ ਦੀ ਫ਼ੈਨ ਸੀ। ਇੰਨਾ ਹੀ ਨਹੀਂ ਉਹ ਚਮਕੀਲੇ ਨਾਲ ਫ਼ਿਲਮ ਵੀ ਕਰਨੀ ਚਾਹੁੰਦੀ ਸੀ। ਉਸ ਨੇ ਚਮਕੀਲਾ ਨੂੰ ਆਪਣੀ ਇਕ ਫ਼ਿਲਮ ਵਿਚ ਹੀਰੋ ਬਣਨ ਦੀ ਆਫ਼ਰ ਤਕ ਕਰ ਦਿੱਤੀ ਸੀ। ਹਾਲਾਂਕਿ ਇਸ ਦੇ ਜਵਾਬ ਵਿਚ ਚਮਕੀਲੇ ਨੇ ਕਿਹਾ ਸੀ ਕਿ ਉਸ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ। ਇਸ 'ਤੇ ਚਮਕੀਲੇ ਨੂੰ ਇਕ ਮਹੀਨੇ ਵਿਚ ਹਿੰਦੀ ਸਿਖਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਉਸ ਨੇ ਇਸ ਤੋਂ ਕੋਰੀ ਨਾਂਹ ਕਰਦਿਆਂ ਕਿਹਾ ਕਿ ਉਸ ਇਕ ਮਹੀਨੇ ਵਿਚ ਉਸ ਨੂੰ 10 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੇਵਾਦਾਰਾਂ ਦੀ ਮੁਸ਼ਤੈਦੀ ਸਦਕਾ ਟਲੀ ਮੰਦਭਾਗੀ ਘਟਨਾ! ਵੇਖੋ ਮੌਕੇ ਦੀ CCTV ਫੁਟੇਜ
ਸਵਰਨ ਸਿਵੀਆ ਨੇ ਇਹ ਵੀ ਦੱਸਿਆ ਕਿ ਸ਼੍ਰੀਦੇਵੀ ਨੇ ਪਹਿਲਾਂ ਚਮਕੀਲੇ ਨੂੰ ਬਾਲੀਵੁੱਡ ਦੀ ਫ਼ਿਲਮ ਆਫ਼ਰ ਕੀਤੀ ਸੀ। ਪਰ ਜਦੋਂ ਚਮਕੀਲੇ ਨੇ ਹਿੰਦੀ ਨਾ ਆਉਣ ਕਾਰਨ ਇਹ ਫ਼ਿਲਮ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਸ਼੍ਰੀਦੇਵੀ ਉਸ ਨਾਲ ਪੰਜਾਬੀ ਫ਼ਿਲਮ ਵਿਚ ਕੰਮ ਕਰਨ ਲਈ ਤਿਆਰ ਹੋ ਗਈ। ਹਾਲਾਂਕਿ ਇਹ ਫ਼ਿਲਮ ਵੀ ਸਿਰੇ ਨਹੀਂ ਚੜ੍ਹ ਸਕੀ। ਇੱਥੇ ਦੱਸ ਦਈਏ ਕਿ ਇਮਤਿਆਜ਼ ਅਲੀ ਦੀ ਫ਼ਿਲਮ 'ਚਮਕੀਲਾ' ਨੈੱਟਫਲਿਕਸ 'ਤੇ ਸਟ੍ਰੀਮ ਕਰ ਰਹੀ ਹੈ। ਇਸ ਫ਼ਿਲਮ 'ਚ ਦਿਲਜੀਤ ਦੇ ਨਾਲ ਪਰਿਣੀਤੀ ਚੋਪੜਾ ਨੇ ਉਸ ਦੀ ਜੋੜੀਦਾਰ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            