ਧਮਕੀ ਵਿਚਾਲੇ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਦਾਖ਼ਲ ਹੋਏ ਫਾਜ਼ਿਲਕਾ ਦੇ ਨੌਜਵਾਨ, ਪੁਲਸ ਨੇ ਕੀਤੇ ਕਾਬੂ

Monday, Jan 08, 2024 - 05:40 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਸਾਲ 2023 ’ਚ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ’ਚ ਭਾਈਜਾਨ ਦੇ ਨਾਲ 1 ਜਾਂ 2 ਕਮਾਂਡੋ ਤੇ 2 ਪੀ. ਐੱਸ. ਓ. ਮੌਜੂਦ ਹਨ।

ਅਜਿਹੇ ’ਚ ਹੁਣ ਅਦਾਕਾਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪਨਵੇਲ ਸਥਿਤ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਅਕਤੀਆਂ ਨੇ ਤਾਰ ਤੋੜ ਕੇ ਫਾਰਮ ਹਾਊਸ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਸਲਮਾਨ ਦੇ ਫਾਰਮ ਹਾਊਸ ’ਚ 2 ਵਿਅਕਤੀ ਹੋਏ ਦਾਖ਼ਲ
ਇਹ ਘਟਨਾ ਵੀਰਵਾਰ ਯਾਨੀ 4 ਜਨਵਰੀ ਸ਼ਾਮ 4 ਵਜੇ ਦੀ ਦੱਸੀ ਜਾਂਦੀ ਹੈ। ਟਾਈਮਜ਼ ਆਫ ਇੰਡੀਆ ’ਚ ਛਪੀ ਰਿਪੋਰਟ ਮੁਤਾਬਕ ਪਨਵੇਲ ਤਾਲੁਕਾ ਪੁਲਸ ਨੇ ਪਨਵੇਲ ’ਚ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ’ਤੇ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਸਲਮਾਨ ਖ਼ਾਨ ਦੇ ਫਾਰਮ ਹਾਊਸ ਦਾ ਨਾਂ ਉਨ੍ਹਾਂ ਦੀ ਭੈਣ ਦੇ ਨਾਂ ’ਤੇ ‘ਅਰਪਿਤਾ’ ਹੈ ਤੇ ਇਹ ਪਨਵੇਲ ਦੇ ਵਾਜੇ ਪਿੰਡ ’ਚ ਸਥਿਤ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਪੁਲਸ ਨੇ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਦੀ ਪਛਾਣ ਅਜੇਸ਼ ਕੁਮਾਰ ਗਿਲਾ (23) ਤੇ ਗੁਰਸੇਵਕ ਸਿੰਘ ਸਿੱਖ (23) ਵਜੋਂ ਹੋਈ ਹੈ। ਇਹ ਕਥਿਤ ਤੌਰ ’ਤੇ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਵਸਨੀਕ ਹਨ। ਫਾਰਮ ਹਾਊਸ ਦੇ ਸੁਰੱਖਿਆ ਗਾਰਡ ਮੁਹੰਮਦ ਹੁਸੈਨ ਨੇ ਦੋਵਾਂ ਨੂੰ ਫੜ ਲਿਆ ਸੀ ਤੇ ਉਨ੍ਹਾਂ ਨੇ ਗਾਰਡ ਨੂੰ ਗਲਤ ਨਾਂ ਦਿੱਤੇ ਸਨ। ਦੋਵਾਂ ਕੋਲੋਂ ਫਰਜ਼ੀ ਆਧਾਰ ਕਾਰਡ ਵੀ ਮਿਲੇ ਹਨ।

ਦੱਸਿਆ ਸਲਮਾਨ ਦਾ ਫੈਨ
ਪੁਲਸ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੇ ਖ਼ੁਦ ਨੂੰ ਸਲਮਾਨ ਖ਼ਾਨ ਦਾ ਪ੍ਰਸ਼ੰਸਕ ਦੱਸਿਆ ਹੈ। ਇਸ ਘਟਨਾ ਤੋਂ ਬਾਅਦ ਪਨਵੇਲ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੈ। ਹਾਲਾਂਕਿ ਇਸ ਘਟਨਾ ਨੂੰ ਲੈ ਕੇ ਸਲਮਾਨ ਖ਼ਾਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਕੀ ਸਲਮਾਨ ਨੂੰ ਮਿਲੀ ਕੋਈ ਧਮਕੀ?
ਹਾਲਾਂਕਿ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਸਾਲ 2023 ’ਚ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਨੇ ਇਕ ਮੀਡੀਆ ਇੰਟਰਵਿਊ ’ਚ ਸਲਮਾਨ ਖ਼ਾਨ ਨੂੰ ਖੁੱਲ੍ਹੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News