ਅਦਾਕਾਰਾ ਦੇ ਮੂੰਹ ’ਤੇ ਬੈਠ ਜਾਂਦਾ ਸੀ ਬੁਆਏਫ੍ਰੈਂਡ, ਕਰ ਦਿੱਤੀ ਅਜਿਹੀ ਹਾਲਤ, ਪਛਾਣਨਾ ਹੋਇਆ ਮੁਸ਼ਕਿਲ
Tuesday, Mar 07, 2023 - 01:08 PM (IST)
ਮੁੰਬਈ (ਬਿਊਰੋ)– ਪ੍ਰਸ਼ੰਸਕ ਉਸ ਸਮੇਂ ਘਬਰਾ ਗਏ ਜਦੋਂ ਦੱਖਣ ਦੀ ਮਸ਼ਹੂਰ ਅਦਾਕਾਰਾ ਅਨੀਕਾ ਵਿਜੇ ਵਿਕਰਮਨ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਸੁੱਜੀਆਂ ਅੱਖਾਂ ਤੇ ਸੱਟਾਂ ਦੇ ਨਿਸ਼ਾਨ ਦਿਖਾਉਂਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ। ਹਰ ਕੋਈ ਹੈਰਾਨ ਰਹਿ ਗਿਆ ਤੇ ਮਨ ’ਚ ਲੱਖਾਂ ਸਵਾਲ ਉੱਠਣ ਲੱਗੇ। ਅਨੀਕਾ ਵਿਜੇ ਵਿਕਰਮਨ ਦੀ ਹਾਲਤ ਅਜਿਹੀ ਸੀ ਕਿ ਉਸ ਨੂੰ ਪਛਾਣਨਾ ਵੀ ਮੁਸ਼ਕਲ ਸੀ। ਹਰ ਕੋਈ ਅਨੀਕਾ ਤੋਂ ਸਵਾਲ ਪੁੱਛ ਰਿਹਾ ਹੈ ਤੇ ਜਾਣਨਾ ਚਾਹੁੰਦਾ ਹੈ ਕਿ ਉਸ ਨਾਲ ਕੀ ਹੋਇਆ ਹੈ? ਉਹ ਅਜਿਹਾ ਕਿਵੇਂ ਹੋਇਆ ਤੇ ਕਿਸ ਨੇ ਕੀਤਾ?
ਅਨਿਕਾ ਵਿਜੇ ਵਿਕਰਮਨ ਨੇ ਇਕ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਉਸ ਦੀ ਅੱਖ ਦੇ ਨਾਲ-ਨਾਲ ਉਸ ਦੇ ਚਿਹਰੇ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਅੱਖਾਂ ਦੀ ਹਾਲਤ ਅਜਿਹੀ ਹੈ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ। ਅਨੀਕਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਸ ਦੇ ਸਾਬਕਾ ਬੁਆਏਫ੍ਰੈਂਡ ਨੇ ਉਸ ਦੀ ਅਜਿਹੀ ਹਾਲਤ ਕੀਤੀ ਹੈ। ਉਹ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਤੇ ਪਰਿਵਾਰ ਦੀ ਇੱਜ਼ਤ ’ਤੇ ਚਿੱਕੜ ਵੀ ਸੁੱਟ ਰਿਹਾ ਹੈ।
ਅਨੀਕਾ ਨੇ ਸਾਬਕਾ ਬੁਆਏਫ੍ਰੈਂਡ ਅਨੂਪ ਪਿੱਲਈ ’ਤੇ ਹਮਲੇ ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਅਨੀਕਾ ਨੇ ਦੱਸਿਆ ਕਿ ਉਸ ਦੇ ਸਾਬਕਾ ਬੁਆਏਫ੍ਰੈਂਡ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਨੂੰ ਅੱਧ ਮਰਿਆ ਛੱਡ ਦਿੱਤਾ। ਅਨੀਕਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਪੋਸਟ ’ਚ ਲਿਖਿਆ, ‘‘ਅਤੀਤ ’ਚ ਮੇਰੇ ਨਾਲ ਜੋ ਹੋਇਆ, ਉਸ ਨੂੰ ਛੱਡਣ ਦੇ ਬਾਵਜੂਦ ਮੈਨੂੰ ਲਗਾਤਾਰ ਧਮਕੀ ਭਰੇ ਕਾਲ ਆ ਰਹੇ ਹਨ। ਮੇਰੇ ਪਰਿਵਾਰ ’ਤੇ ਲਗਾਤਾਰ ਚਿੱਕੜ ਸੁੱਟਿਆ ਜਾ ਰਿਹਾ ਹੈ।’’
ਅਨੀਕਾ ਨੇ ਪੋਸਟ ਦੇ ਨਾਲ ਆਪਣੀ ਇਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਇਸ ਬਾਰੇ ਲਿਖਿਆ ਹੈ ਕਿ ਉਸ ਨੇ ਇਹ ਤਸਵੀਰ ਸਾਬਕਾ ਬੁਆਏਫ੍ਰੈਂਡ ਵਲੋਂ ਹਮਲਾ ਕਰਨ ਤੋਂ ਪਹਿਲਾਂ ਕਲਿੱਕ ਕੀਤੀ ਸੀ। ਮੈਂ ਆਪਣਾ ਨਵਾਂ ਹੇਅਰਕੱਟ ਦਿਖਾਉਣ ਲਈ ਬਹੁਤ ਉਤਸ਼ਾਹਿਤ ਸੀ। ਅਨੀਕਾ ਵਿਜੇ ਵਿਕਰਮਨ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਨਾਲ ਆਪਣੀ ਵ੍ਹਟਸਐਪ ਚੈਟ ਦਾ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ’ਚ ਉਹ ਆਪਣੀ ਹਰਕਤ ਲਈ ਮੁਆਫ਼ੀ ਮੰਗ ਰਿਹਾ ਹੈ।
ਅਨੀਕਾ ਵਿਜੇ ਵਿਕਰਮਨ ਨੇ ਪੋਸਟ ’ਚ ਲਿਖਿਆ, ‘‘ਬਦਕਿਸਮਤੀ ਨਾਲ ਮੈਂ ਅਨੂਪ ਪਿੱਲਈ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਸੀ ਪਰ ਉਸ ਨੇ ਮੈਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤਸੀਹੇ ਦਿੱਤੇ। ਮੈਂ ਉਸ ਵਰਗਾ ਮਨੁੱਖ ਕਦੇ ਨਹੀਂ ਦੇਖਿਆ। ਇਸ ਸਭ ਤੋਂ ਬਾਅਦ ਵੀ ਉਹ ਮੈਨੂੰ ਧਮਕੀਆਂ ਦੇ ਰਿਹਾ ਹੈ। ਮੈਂ ਆਪਣੇ ਸੁਪਨਿਆਂ ’ਚ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਅਜਿਹਾ ਕਰੇਗਾ। ਜਦੋਂ ਉਸ ਨੇ ਪਹਿਲੀ ਵਾਰ ਮੈਨੂੰ ਕੁੱਟਿਆ ਤਾਂ ਅਸੀਂ ਚੇਨਈ ’ਚ ਸੀ। ਫਿਰ ਉਹ ਮੇਰੇ ਪੈਰੀਂ ਪੈ ਗਿਆ ਤੇ ਰੋਣ ਲੱਗ ਪਿਆ। ਮੈਂ ਮੂਰਖ ਸੀ ਜੋ ਉਸ ਨੂੰ ਮੁਆਫ਼ ਕਰ ਦਿੱਤਾ। ਦੂਜੀ ਵਾਰ ਜਦੋਂ ਅਸੀਂ ਬੈਂਗਲੁਰੂ ’ਚ ਸੀ ਤਾਂ ਮੇਰੀ ਕੁੱਟਮਾਰ ਹੋਈ। ਫਿਰ ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਉਸ ਨੇ ਪੈਸੇ ਪੁਲਸ ਵਾਲਿਆਂ ਨੂੰ ਖੁਆ ਦਿੱਤੇ। ਪੁਲਸ ਨੇ ਸਾਨੂੰ ਆਪਸ ’ਚ ਮਾਮਲਾ ਸੁਲਝਾਉਣ ਲਈ ਕਿਹਾ। ਇਸ ਨਾਲ ਉਸ ਨੂੰ ਮੇਰੇ ’ਤੇ ਮੁੜ ਹਮਲਾ ਕਰਨ ਦੀ ਹਿੰਮਤ ਮਿਲੀ।’’
ਅਨੀਕਾ ਨੇ ਅੱਗੇ ਲਿਖਿਆ, ‘‘ਉਹ ਮੈਨੂੰ ਵਾਰ-ਵਾਰ ਵਰਗਲਾਉਂਦਾ ਰਿਹਾ। ਕਈ ਵਾਰ ਧੋਖਾ ਦਿੱਤਾ ਤੇ ਇਸ ਲਈ ਮੈਨੂੰ ਉਸ ਨੂੰ ਛੱਡਣਾ ਪਿਆ ਪਰ ਉਹ ਮੈਨੂੰ ਛੱਡਣ ਲਈ ਤਿਆਰ ਨਹੀਂ ਸੀ। ਉਸ ਨੇ ਮੇਰਾ ਫੋਨ ਤੋੜ ਦਿੱਤਾ ਤਾਂ ਜੋ ਮੈਂ ਸ਼ੂਟ ’ਤੇ ਨਾ ਜਾ ਸਕਾਂ। ਦੋ ਦਿਨ ਪਹਿਲਾਂ ਹੈਦਰਾਬਾਦ ਸ਼ਿਫਟ ਹੋਣ ਤੋਂ ਪਹਿਲਾਂ ਉਸ ਨੇ ਮੇਰਾ ਫ਼ੋਨ ਬੰਦ ਕਰ ਦਿੱਤਾ ਸੀ। ਉਸ ਨੇ ਫਿਰ ਮੇਰੇ ’ਤੇ ਅੰਨ੍ਹੇਵਾਹ ਮੁੱਕੇ ਮਾਰੇ। ਮੈਂ ਫ਼ੋਨ ਮੰਗਦੀ ਰਹੀ ਤੇ ਉਹ ਮੇਰੇ ਮੂੰਹ ’ਤੇ ਬੈਠ ਗਿਆ। ਮੈਨੂੰ ਬ੍ਰੋਂਕਾਈਟਿਸ ਹੈ ਤੇ ਮੇਰਾ ਸਾਹ ਰੁੱਕ ਗਿਆ। ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਜਦੋਂ ਮੈਂ ਲਗਭਗ ਬੇਹੋਸ਼ ਹੋ ਗਈ ਤਾਂ ਉਸ ਨੇ ਮੈਨੂੰ ਛੱਡ ਦਿੱਤਾ। ਮੈਂ ਸੋਚਿਆ ਕਿ ਇਹ ਮੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇਗੀ। ਜਦੋਂ ਮੈਂ ਭੱਜ ਕੇ ਦੂਜੇ ਕਮਰੇ ’ਚ ਗਈ ਤਾਂ ਉਹ ਇਕ ਹੋਰ ਚਾਬੀ ਨਾਲ ਤਾਲਾ ਖੋਲ੍ਹ ਕੇ ਅੰਦਰ ਆ ਗਿਆ। ਬਾਹਰ ਭੱਜਦੀ ਤੇ ਸੁਰੱਖਿਆ ਮੁਲਾਜ਼ਮਾਂ ਤੋਂ ਮਦਦ ਮੰਗਦੀ ਤਾਂ ਉਹ ਕੁਝ ਨਹੀਂ ਕਰਦੇ ਸਨ। ਫਿਰ ਮੈਂ ਸਾਰੀ ਰਾਤ ਬਾਥਰੂਮ ’ਚ ਬੈਠੀ ਰੋਂਦੀ ਰਹਿੰਦੀ ਸੀ। ਮੇਰੇ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਕੁਝ ਦੋਸਤਾਂ ਨੇ ਵੀ ਮੈਨੂੰ ਧੋਖਾ ਦਿੱਤਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।