2015 : ਬਾਲੀਵੁੱਡ ਰਿਹਾ ਮਾਲਾਮਾਲ ਇਨ੍ਹਾਂ ਫਿਲਮਾਂ ਦੀ ਬਦੌਲਤ
Thursday, Dec 31, 2015 - 12:56 PM (IST)

ਮੁੰਬਈ : ਸਾਲ 2015 ਆਖ਼ਰੀ ਪੜਾਅ ''ਤੇ ਹੈ। ਇਸ ਸਾਲ ਮਾਇਆਨਗਰੀ ''ਚ ਕਾਫੀ ਉਥਲ-ਪੁਥਲ ਦਿਖੀ। ਹਾਲਾਂਕਿ ਬਾਲੀਵੁੱਡ ਲਈ ਇਹ ਸਾਲ ਬਹੁਤ ਬੁਰਾ ਨਹੀਂ ਰਿਹਾ ਕਿਉਂਕਿ ਕਈ ਫਿਲਮਾਂ ਨੇ ਕਮਾਈ ਦੇ ਮਾਮਲੇ ''ਚ ਰਿਕਾਰਡ ਕਾਇਮ ਕੀਤੇ ਪਰ ਸਾਲ 2014 ਦੇ ਅਖੀਰ ''ਚ ਆਈ ਫਿਲਮ ''ਪੀ. ਕੇ.'' ਦੀ ਕਮਾਈ ਦਾ ਰਿਕਾਰਡ ਤੋੜਨ ''ਚ ਕਿਸੇ ਵੀ ਫਿਲਮ ਨੂੰ ਸਫਲਤਾ ਨਹੀਂ ਮਿਲੀ। ਸਾਲ ਦਾ ਦੁਖਦ ਪਹਿਲੂ ਰਿਹਾ ਇਸ ਦਾ ਪਹਿਲਾ ਅੱਧ ਕਿਉਂਕਿ ਇਸ ਦੌਰਾਨ ਤਿੰਨਾਂ ''ਚੋਂ ਕਿਸੇ ਵੀ ਖਾਨ ਦੀ ਫਿਲਮ ਰਿਲੀਜ਼ ਨਹੀਂ ਹੋਈ। ਹਾਲਾਂਕਿ ''ਬਦਲਾਪੁਰ'', ''ਦਮ ਲਗਾ ਕੇ ਹਈਸ਼ਾ'', ''ਬੇਬੀ'' ਅਤੇ ''ਐੱਨ. ਐੱਚ. 10'' ਵਰਗੀਆਂ ਘੱਟ ਬਜਟ ਵਾਲੀਆਂ ਫਿਲਮਾਂ ਮੁਨਾਫਾ ਕਮਾਉਣ ''ਚ ਜ਼ਰੂਰ ਕਾਮਯਾਬ ਰਹੀਆਂ ਪਰ ਬਾਅਦ ''ਚ ਬਾਲੀਵੁੱਡ ਫਿਲਮਾਂ ਨੇ ਰਫ਼ਤਾਰ ਫੜੀ ਅਤੇ ਸਾਲ ਬੀਤਦੇ-ਬੀਤਦੇ ਇਸ ਦੀ ਝੋਲੀ ''ਚ ਕਈ ਸੁਪਰਹਿੱਟ ਫਿਲਮਾਂ ਆ ਡਿੱਗੀਆਂ।
ਦੇਖਿਆ ਜਾਵੇ ਤਾਂ 2015 ਸਲਮਾਨ ਖਾਨ ਲਈ ਬਿਹਤਰੀਨ ਸਾਲ ਰਿਹਾ। ਇਸ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਪਹਿਲੀ ਫਿਲਮ ''ਬਜਰੰਗੀ ਭਾਈਜਾਨ'' ਨੇ ਸ਼ਾਨਦਾਰ ਕਮਾਈ ਕਰਕੇ ਨਵਾਂ ਇਤਿਹਾਸ ਰਚਿਆ ਅਤੇ ਉਸ ਤੋਂ ਬਾਅਦ ''ਪ੍ਰੇਮ ਰਤਨ ਧਨ ਪਾਇਓ'' ਵੀ ਕਾਫੀ ਸਫਲ ਰਹੀ। ਇਕ ਨਜ਼ਰ ਸਾਲ 2015 ਦੀਆਂ ਅਜਿਹੀਆਂ ਫਿਲਮਾਂ ''ਤੇ, ਜਿਨ੍ਹਾਂ ਨੇ ਕਮਾਈ ਦੇ ਮੋਰਚੇ ''ਤੇ ਬਾਲੀਵੁੱਡ ਨੂੰ ਮਾਲਾਮਾਲ ਕਰ ਦਿੱਤਾ-
ਬਜਰੰਗੀ ਭਾਈਜਾਨ
ਇਹ ਸਾਲ ਸਲਮਾਨ ਖਾਨ ਲਈ ਸ਼ਾਨਦਾਰ ਸਾਲ ਰਿਹਾ। ਉਨ੍ਹਾਂ ਦੀ ''ਬਜਰੰਗੀ ਭਾਈਜਾਨ'' ਦੇ ਨਾਲ ''ਪ੍ਰੇਮ ਰਤਨ ਧਨ ਪਾਇਓ'' ਵੀ ਸੁਪਰਹਿੱਟ ਰਹੀ। ''ਬਜਰੰਗੀ ਭਾਈਜਾਨ'' ਨੇ ਓਵਰਸੀਜ਼ ਮਿਲਾ ਕੇ ਬਾਕਸ ਆਫਿਸ ''ਤੇ ਲੱਗਭਗ 600 ਕਰੋੜ ਰੁਪਏ ਦੀ ਕਮਾਈ ਕੀਤੀ। ਬਾਲੀਵੁੱਡ ''ਚ 600 ਕਰੋੜ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਹੋਰ ਫਿਲਮਾਂ ''ਚ ''ਪੀਕੇ'' ਅਤੇ ''ਧੂਮ-3'' ਵੀ ਸ਼ਾਮਲ ਹਨ।
ਪ੍ਰੇਮ ਰਤਨ ਧਨ ਪਾਇਓ
ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਪਰਿਵਾਰਕ ਡਰਾਮਾ ਫਿਲਮ ''ਪ੍ਰੇਮ ਰਤਨ ਧਨ ਪਾਇਓ'' ਬਾਕਸ ਆਫਿਸ ''ਤੇ ਕਾਮਯਾਬ ਰਹੀ। ਇਸ ਸਾਲ ਰਿਲੀਜ਼ ਹੋਈ ਇਹ ਸਲਮਾਨ ਖਾਨ ਦੀ ਦੂਜੀ ਫਿਲਮ ਸੀ। ਇਸ ਨੇ ਬਾਕਸ ਆਫਿਸ ''ਤੇ ਦੁਨੀਆ ਭਰ ''ਚ 300 ਕਰੋੜ ਕਲੱਬ ''ਚ ਸ਼ਾਮਲ ਹੋਣ ਤੋਂ ਬਾਅਦ ਇਕ ਨਵਾਂ ਰਿਕਾਰਡ ਕਾਇਮ ਕੀਤਾ। ਇਹ ਫਿਲਮ ਦੁਨੀਆ ''ਚ 10 ਸਭ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਬਾਲੀਵੁੱਡ ਫਿਲਮਾਂ ਦੀ ਲਿਸਟ ''ਚ ਸ਼ਾਮਲ ਹੋ ਗਈ ਹੈ।
ਬਾਹੂਬਲੀ
ਇਸ ਸਾਲ ਰਿਲੀਜ਼ ਹੋਈ ਤੇਲਗੂ ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੀ ਬਲਾਕ ਬਸਟਰ ਫਿਲਮ ''ਬਾਹੂਬਲੀ'' ਨੇ 600 ਕਰੋੜ ਦੀ ਕਮਾਈ ਕੀਤੀ। ਫਿਲਮ ''ਚ ਪ੍ਰਭਾਸ, ਰਾਣਾ ਡੁਗੂਬਾਤੀ, ਤਮੰਨਾ ਭਾਟੀਆ, ਅਨੁਸ਼ਕਾ ਸ਼ੈੱਟੀ ਅਤੇ ਰਮੱਈਆ ਕ੍ਰਿਸ਼ਨਨ ਨੇ ਮੁੱਖ ਕਿਰਦਾਰ ਨਿਭਾਏ। ਫਿਲਮ ਨੂੰ ਦੇਸ਼ ''ਚ ਬਣੀਆਂ ਸਭ ਤੋਂ ਮਹਿੰਗੀਆਂ ਫਿਲਮਾਂ ''ਚੋਂ ਇਕ ਦੱਸਿਆ ਗਿਆ। ਵਿਜ਼ੂਅਲ ਅਤੇ ਦੂਜੇ ਸਪੈਸ਼ਲ ਇਫੈਕਟਸ ਲਈ ਇਹ ਫਿਲਮ ਕਾਫੀ ਸਰਾਹੀ ਗਈ। ਇਹ ਫਿਲਮ ਇਕ ਪੀਰੀਅਡ ਐਕਸ਼ਨ ਡਰਾਮਾ ਹੈ, ਜਿਸ ਨੂੰ ਬਣਨ ''ਚ ਲੱਗਭਗ ਤਿੰਨ ਸਾਲ ਲੱਗੇ।
ਤਨੂ ਵੈਡਸ ਮਨੂ ਰਿਟਰਨਸ
ਇਸ ਸਾਲ ਕੰਗਨਾ ਰਣਾਉਤ ਅਤੇ ਆਰ. ਮਾਧਵਨ ਦੀ ਜੋੜੀ ਵਾਲੀ ਫਿਲਮ ''ਤਨੂ ਵੈਡਸ ਮਨੂ ਰਿਟਰਨਸ'' ਨੇ ਸ਼ਾਨਦਾਰ ਕਮਾਈ ਕੀਤੀ। ਇਸ ਫਿਲਮ ਨੇ ਬਾਕਸ ਆਫਿਸ ''ਤੇ 200 ਕਰੋੜ ਤੋਂ ਵਧੇਰੇ ਕਮਾਈ ਕੀਤੀ।
ਏ. ਬੀ. ਸੀ. ਡੀ.-2
ਇਹ ਫਿਲਮ ਇਸ ਸਾਲ ਦੀਆਂ ਉਨ੍ਹਾਂ ਫਿਲਮਾਂ ''ਚ ਸ਼ਾਮਲ ਹੋਈ, ਜਿਨ੍ਹਾਂ ਨੇ 100 ਕਰੋੜ ਦੇ ਕਲੱਬ ''ਚ ਆਪਣੀ ਜਗ੍ਹਾ ਬਣਾਈ।
ਦਿਲਵਾਲੇ
ਰੋਹਿਤ ਸ਼ੈੱਟੀ ਵਲੋਂ ਨਿਰਦੇਸ਼ਿਤ ਫਿਲਮ ''ਦਿਲਵਾਲੇ'' ਬਾਕਸ ਆਫਿਸ ''ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਓਪਨਿੰਗ ਧਮਾਕੇਦਾਰ ਰਹੀ ਹੈ ਅਤੇ ਚਾਰੇ ਪਾਸੇ ਇਸੇ ਫਿਲਮ ਦੀ ਚਰਚਾ ਹੈ। ਇਸ ਨੇ ਬਾਕਸ ਆਫਿਸ ''ਤੇ ਪਹਿਲੇ ਦਿਨ 21 ਕਰੋੜ ਦੀ ਕਮਾਈ ਕੀਤੀ ਅਤੇ ਇਸ ਤਰ੍ਹਾਂ ਫਿਲਮ ਨੇ ਆਪਣੇ ਸ਼ੁਰੂਆਤੀ ਹਫਤੇ ''ਚ ਹੀ ਦੁਨੀਆ ਭਰ ''ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ।
ਬਾਜੀਰਾਵ ਮਸਤਾਨੀ
ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਸਾਲ ਦੇ ਆਖਰੀ ਮਹੀਨੇ ''ਚ ਰਿਲੀਜ਼ ਫਿਲਮ ''ਬਾਜੀਰਾਵ ਮਸਤਾਨੀ'' ਇਕ ਇਤਿਹਾਸਕ ਕਹਾਣੀ ''ਤੇ ਅਧਾਰਿਤ ਹੈ। ਇਸ ਫਿਲਮ ''ਚ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਧੂਮ ਮਚਾ ਰਹੀ ਹੈ, ਜਦਕਿ ਫਿਲਮ ''ਚ ਗਲੈਮਰ ਅਤੇ ਐਕਟਿੰਗ ਦਾ ਤੜਕਾ ਲਗਾਉਣ ਲਈ ਪ੍ਰਿਯੰਕਾ ਚੋਪੜਾ ਵੀ ਹੈ।
ਅਲੋਨ
ਬਾਲੀਵੁੱਡ ਦੀ ਹੌਰਰ ਕੁਈਨ ਬਿਪਾਸ਼ਾ ਬਸੁ ਅਤੇ ਟੀ. ਵੀ. ਅਦਾਕਾਰ ਕਰਨ ਸਿੰਘ ਗਰੋਵਰ ਦੀ 16 ਜਨਵਰੀ ਨੂੰ ਰਿਲੀਜ਼ ਫਿਲਮ ''ਅਲੋਨ'' ਦੀ ਵੀ ਦਰਸ਼ਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਕਿਉਂਕਿ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਦਾ ਦਰਸ਼ਕਾਂ ਨੇ ਜ਼ਬਰਦਸਤ ਹੁੰਗਾਰਾ ਦਿੱਤਾ ਸੀ। ਬੇਹੱਦ ਘੱਟ ਲਾਗਤ ''ਚ ਬਣੀ ਇਸ ਫਿਲਮ ਨੇ ਕਈ ਗੁਣਾ ਵਧੇਰੇ ਕਮਾ ਕੇ ਆਪਣੇ ਨਿਰਮਾਤਾ ਨੂੰ ਮਾਲਾਮਾਲ ਕਰ ਦਿੱਤਾ।
ਹੇਟ ਸਟੋਰੀ 3
ਵਿਸ਼ਾਲ ਪਾਂਡਯਾ ਦੇ ਨਿਰਦੇਸ਼ਨ ਤਹਿਤ ਬਣੀ ਅਤੇ ਜ਼ਰੀਨ ਖਾਨ ਅਤੇ ਡੇਜ਼ੀ ਸ਼ਾਹ ਸਟਾਰਰ ਫਿਲਮ ''ਹੇਟ ਸਟੋਰੀ-3'' ਨੇ ਬਾਕਸ ਆਫਿਸ ''ਤੇ ਹੰਗਾਮਾ ਮਚਾ ਦਿੱਤਾ ਅਤੇ ਚੰਗੀ ਕਮਾਈ ਕੀਤੀ।
ਪਿਆਰ ਕਾ ਪੰਚਨਾਮਾ-2
''ਪਿਆਰ ਕਾ ਪੰਚਨਾਮਾ-2'' ਨੂੰ ਬਾਕਸ ਆਫਿਸ ''ਤੇ ਨਾ ਸਿਰਫ ਚੰਗੀ ਓਪਨਿੰਗ ਮਿਲੀ, ਸਗੋਂ ਫਿਲਮ ਨੇ ਪਹਿਲੇ ਵੀਕੈਂਡ ''ਚ ਲੱਗਭਗ 23 ਕਰੋੜ ਕਮਾ ਕੇ ਖੁਦ ਨੂੰ ਹਿੱਟ ਫਿਲਮਾਂ ''ਚ ਸ਼ਾਮਲ ਕਰ ਲਿਆ।