ਰਾਕੇਸ਼ ਟਿਕੈਤ ’ਤੇ ਬਾਲੀਵੁੱਡ ਨਿਰਦੇਸ਼ਕ ਨੇ ਕੱਸਿਆ ਤੰਜ, ਕੋਰੋਨਾ ਦੇ ਚਲਦਿਆਂ ਟੀਕਾਕਰਨ ਦੀ ਕੀਤੀ ਸੀ ਮੰਗ
Friday, Mar 19, 2021 - 05:22 PM (IST)

ਮੁੰਬਈ (ਬਿਊਰੋ)– ਦੇਸ਼ ’ਚ ਇਕ ਵਾਰ ਮੁੜ ਕੋਰੋਨਾ ਵਾਇਰਸ ਦਾ ਖਤਰਾ ਵੱਧ ਗਿਆ ਹੈ। ਪਿਛਲੇ ਇਕ ਹਫਤੇ ’ਚ ਕੋਰੋਨਾ ਦੇ ਕਾਫੀ ਮਰੀਜ਼ ਸਾਹਮਣੇ ਆਏ ਹਨ। ਉਥੇ ਇਸ ਨੂੰ ਲੈ ਕੇ ਸਰਕਾਰ ਲਗਾਤਾਰ ਟੀਕਾਕਰਨ ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵੀ ਟੀਕਾਕਰਨ ਦੀ ਮੰਗ ਕੀਤੀ ਹੈ। ਇਸ ’ਤੇ ਬਾਲੀਵੁੱਡ ਦੇ ਨਾਮੀ ਡਾਇਰੈਕਟਰ ਅਸ਼ੋਕ ਪੰਡਿਤ ਦਾ ਤੰਜ ਕੱਸਦਾ ਟਵੀਟ ਸੁਰਖ਼ੀਆਂ ’ਚ ਆ ਗਿਆ ਹੈ।
ਰਾਕੇਸ਼ ਟਿਕੈਤ ਵਲੋਂ ਧਰਨੇ ’ਤੇ ਬੈਠੇ ਕਿਸਾਨਾਂ ਲਈ ਟੀਕੇ ਦੀ ਮੰਗ ’ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ’ਚ ਬਾਲੀਵੁੱਡ ਦੇ ਇਕ ਨਿਰਦੇਸ਼ਕ ਵੀ ਸ਼ਾਮਲ ਹੋ ਗਏ ਹਨ। ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਸ਼ੋਕ ਪੰਡਿਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਮੰਗ ’ਤੇ ਟਵੀਟ ਕਰਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਲਿਖਿਆ, ‘ਹਲਵਾ ਹੈ ਕਯਾ ਕਿ ਤੁਮਕੇ ਉਧਰ ਹੀ ਭੇਜ ਦੇਂ।’
हलवा है क्या कि तुमको उधर ही भेज दे ! https://t.co/Je7gFE4Yia
— Ashoke Pandit (@ashokepandit) March 18, 2021
ਅਸਲ ’ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਗਾਜ਼ੀਪੁਰ ਬਾਰਡਰ ’ਤੇ ਵੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਅੰਦੋਲਨ ਵਾਲੀ ਜਗ੍ਹਾ ’ਤੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਇਨ੍ਹੀਂ ਦਿਨੀਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇ। ਨਾਲ ਹੀ ਦੱਸਿਆ ਕਿ ਅੰਦੋਲਨ ਵਾਲੀ ਜਗ੍ਹਾ ’ਤੇ ਵੀ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਸਰਕਾਰ ਅੰਦੋਲਨ ਵਾਲੀਆਂ ਥਾਵਾਂ ’ਤੇ ਵੈਕਸੀਨ ਭੇਜ ਕੇ ਟੀਕਾਕਰਨ ਕਰਵਾਏ। ਮੈਂ ਖੁਦ ਵੀ ਟੀਕਾ ਲਗਵਾਉਂਗਾ।’
ਰਾਕੇਸ਼ ਟਿਕੈਤ ਨੇ ਦੱਸਿਆ ਸੀ ਕਿ ਅੰਦੋਲਨ ਵਾਲੀਆਂ ਥਾਵਾਂ ’ਤੇ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ। ਕੋਰੋਨਾ ਕਾਰਨ ਉਹ ਅੰਦੋਲਨ ਖ਼ਤਮ ਨਹੀਂ ਹੋਣ ਦੇਣਗੇ। ਟਿਕੈਤ ਬੋਲੇ ਕਿ ਜਦੋਂ ਤਕ ਸਰਕਾਰ ਖੇਤੀ ਕਾਨੂੰਨਾਂ ’ਤੇ ਵਿਚਾਰ ਨਹੀਂ ਬਦਲਦੀ, ਉਦੋਂ ਤਕ ਅੰਦੋਲਨ ਜਾਰੀ ਰਹੇਗਾ।
ਨੋਟ– ਰਾਕੇਸ਼ ਟਿਕੈਤ ਵਲੋਂ ਟੀਕਾਕਰਨ ਦੀ ਮੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।