ਰਾਜੂ ਸ਼੍ਰੀਵਾਸਤਵ ਨੇ ਸਿਆਸਤ 'ਚ ਵੀ ਅਜ਼ਮਾਇਆ ਸੀ ਹੱਥ, ਸਕੂਲ 'ਚ ਕਰਦੇ ਸਨ ਇੰਦਰਾ ਗਾਂਧੀ ਦੀ ਮਿਮਿਕਰੀ

Wednesday, Sep 21, 2022 - 02:05 PM (IST)

ਰਾਜੂ ਸ਼੍ਰੀਵਾਸਤਵ ਨੇ ਸਿਆਸਤ 'ਚ ਵੀ ਅਜ਼ਮਾਇਆ ਸੀ ਹੱਥ, ਸਕੂਲ 'ਚ ਕਰਦੇ ਸਨ ਇੰਦਰਾ ਗਾਂਧੀ ਦੀ ਮਿਮਿਕਰੀ

ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨਹੀਂ ਰਹੇ। ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਦੀ ਉਮਰ 58 ਸਾਲ ਸੀ। ਜਦੋਂ ਉਹ ਦਿੱਲੀ ਦੇ ਇੱਕ ਜਿਮ 'ਚ ਕਸਰਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਰਾਜੂ ਸ਼੍ਰੀਵਾਸਤਵ ਦੀ ਪਤਨੀ, ਬੇਟਾ ਅਤੇ ਬੇਟੀ ਦਿੱਲੀ ਏਮਜ਼ ਪਹੁੰਚ ਗਏ ਹਨ। 
ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਭਲਕੇ ਦਿੱਲੀ 'ਚ ਕੀਤਾ ਜਾਵੇਗਾ। ਰਾਜੂ ਸ਼੍ਰੀਵਾਸਤਵ ਦੇ ਜੀਜਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀ.ਪੀ.ਆਰ. ਦਿੱਤਾ ਗਿਆ। ਪਹਿਲਾਂ ਉਨ੍ਹਾਂ ਨੇ ਰਿਸਪਾਂਡ ਕੀਤਾ ਪਰ ਬਾਅਦ 'ਚ ਮੌਤ ਹੋ ਗਈ। ਦੋ-ਤਿੰਨ ਦਿਨਾਂ 'ਚ ਹੀ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਜਾਣਾ ਸੀ। ਉਨ੍ਹਾਂ ਦੀਆਂ ਦਵਾਈਆਂ ਦੀ ਡੋਜ਼ ਵੀ ਕਾਫ਼ੀ ਘਟਾ ਦਿੱਤੀ ਗਈ ਸੀ।

ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ 'ਚ ਹੋਇਆ ਸੀ। ਬਚਪਨ 'ਚ ਉਨ੍ਹਾਂ ਦਾ ਨਾਮ ਸੱਤਿਆ ਪ੍ਰਕਾਸ਼ ਸ਼੍ਰੀਵਾਸਤਵ ਸੀ। ਰਾਜੂ ਨੂੰ ਬਚਪਨ ਤੋਂ ਹੀ ਮਿਮਿਕਰੀ ਅਤੇ ਕਾਮੇਡੀ ਦਾ  ਸ਼ੌਕ ਸੀ। ਰਾਜੂ ਨੂੰ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਪਛਾਣ ਮਿਲੀ। ਇਸ ਸ਼ੋਅ ਦੀ ਸਫ਼ਲਤਾ ਤੋਂ ਬਾਅਦ ਰਾਜੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜੂ ਸ਼੍ਰੀਵਾਸਤਵ ਨੇ 1993 'ਚ ਸ਼ਿਖਾ ਸ਼੍ਰੀਵਾਸਤਵ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ।

ਰਾਜਨੀਤੀ 'ਚ ਵੀ ਹੱਥ ਅਜ਼ਮਾਇਆ
ਰਾਜੂ ਸ਼੍ਰੀਵਾਸਤਵ ਨੇ ਵੀ ਰਾਜਨੀਤੀ 'ਚ ਵੀ ਹੱਥ ਅਜ਼ਮਾਇਆ ਸੀ। ਉਨ੍ਹਾਂ ਨੂੰ ਸਾਲ 2014 'ਚ ਕਾਨਪੁਰ ਤੋਂ ਲੋਕ ਸਭਾ ਚੋਣਾਂ ਲਈ ਸਪਾ ਤੋਂ ਟਿਕਟ ਮਿਲੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋ ਗਏ। ਪੀ. ਐੱਮ. ਮੋਦੀ ਨੇ ਉਨ੍ਹਾਂ ਨੂੰ ਸਵੱਛ ਭਾਰਤ ਅਭਿਆਨ 'ਚ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਫ਼ਾਈ ਸਬੰਧੀ ਵੱਖ-ਵੱਖ ਸ਼ਹਿਰਾਂ 'ਚ ਚਲਾਈਆਂ ਗਈਆਂ ਮੁਹਿੰਮਾਂ 'ਚ ਵੀ ਹਿੱਸਾ ਲਿਆ। ਰਾਜੂ ਸ਼੍ਰੀਵਾਸਤਵ ਨੂੰ ਸਾਲ 2019 'ਚ ਯੂ. ਪੀ. ਫ਼ਿਲਮ ਵਿਕਾਸ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਸੀ।

PunjabKesari

ਸਕੂਲ 'ਚ ਕਰਦੇ ਸਨ ਮਿਮਿਕਰੀ
ਇਕ ਇੰਟਰਵਿਊ ਦੌਰਾਨ ਰਾਜੂ ਸ਼੍ਰੀਵਾਸ੍ਤਵ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਹੀ ਕਾਮੇਡੀ ਕਰਨ ਦਾ ਸ਼ੌਕ ਸੀ। ਉਹ ਸਕੂਲ 'ਚ ਆਪਣੇ ਅਧਿਆਪਕਾਂ ਦੀ ਮਿਮਿਕਰੀ ਕਰਦੇ ਸਨ। ਉਹ ਸਾਬਕਾ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਆਵਾਜ਼ ਵੀ ਕੱਢਦੇ ਸਨ। ਇਨ੍ਹਾਂ ਹੀ ਨਹੀਂ, ਉਹ ਬਚਪਨ ਤੋਂ ਹੀ ਸੁਨੀਲ ਗਾਵਸਕਰ ਨੂੰ ਮਿਲਣਾ ਚਾਹੁੰਦੇ ਸਨ। ਆਪਣੇ ਇਸੇ ਟੈਲੇਂਟ ਦੀ ਕਰਕੇ ਉਹ ਸਕੂਲ 'ਚ 15 ਅਗਸਤ ਅਤੇ 26 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਹਿੱਸਾ ਵੀ ਬਣਦੇ ਸਨ। ਉਹ ਖ਼ੁਦ ਅੱਗੇ ਆ ਕੇ ਸਕੂਲ ਫੰਕਸ਼ਨ 'ਚ ਆਪਣਾ ਨਾਂ ਲਿਖਵਾਉਂਦੇ ਸਨ।

PunjabKesari

ਛੋਟੇ ਸ਼ਹਿਰ ਤੋਂ ਨਿਕਲ ਕੇ ਕਿਵੇਂ ਕਾਮੇਡੀਅਨ ਬਣੇ ਰਾਜੂ?
ਰਾਜੂ ਸ਼੍ਰੀਵਾਸਤਵ ਦਾ ਪਹਿਲਾ ਸ਼ੋਅ 'ਟੀ ਟਾਈਮ ਮਨੋਰੰਜਨ' ਸੀ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਵਿਸ਼ੇਸ਼ ਰੋਲ ਕੀਤੇ ਪਰ ਹਾਲੇ ਤੱਕ ਉਨ੍ਹਾਂ ਨੂੰ ਉਹ ਪਛਾਣ ਨਹੀਂ ਮਿਲੀ ਸੀ, ਜਿਸ ਦੀ ਉਨ੍ਹਾਂ ਨੂੰ ਤਲਾਸ਼ ਸੀ। ਇਸ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਸ਼ੋਅ 'ਦਿ ਗ੍ਰੇਟ ਇੰਡੀਆਂ ਲਾਫਟਰ ਚੈਲੇਂਜ' ਦਾ ਹਿੱਸਾ ਬਣੇ। ਇਸ ਸ਼ੋਅ 'ਚ ਰਾਜੂ ਨੇ ਆਪਣੀ ਮਜ਼ਾਕੀਆ ਅਤੇ ਦੇਸੀ ਅੰਦਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ। ਇਸ ਸ਼ੋਅ ਨਾਲ ਉਨ੍ਹਾਂ ਨੂੰ ਘਰ-ਘਰ ਪਛਾਣ ਮਿਲੀ। ਲੋਕ ਉਨ੍ਹਾਂ ਦੇ ਜੋਕਸ ਦੇ ਫੈਨ ਹੋ ਗਏ। ਹਾਲਾਂਕਿ, ਉਹ ਸ਼ੋਅ ਜਿੱਤ ਨਹੀਂ ਸਕੇ ਪਰ ਦਰਸ਼ਕਾਂ ਨੇ ਉਨ੍ਹਾਂ ਨੂੰ 'ਦਿ ਕਿੰਗ ਆਫ ਕਾਮੇਡੀ' ਦਾ ਟਾਈਟਲ ਦੇ ਕੇ ਆਪਣਾ ਵਿਨਰ ਬਣਾ ਦਿੱਤਾ ਸੀ।

PunjabKesari

ਆਮ ਸ਼ਖਸ ਤੋਂ ਕਾਮੇਡੀ ਕਿੰਗ ਬਣਨ ਦੀ ਕਹਾਣੀ
ਤੁਸੀਂ ਰਾਜੂ ਸ਼੍ਰੀਵਾਸਤਵ ਦੇ ਯੂ. ਪੀ. ਦੇ ਆਮ ਸ਼ਖਸ ਤੋਂ ਕਾਮੇਡੀ ਕਿੰਗ ਬਣਨ ਦੀ ਕਹਾਣੀ ਤਾਂ ਸੁਣੀ ਹੋਵੇਗੀ ਪਰ ਰਾਜੂ ਸ਼੍ਰੀਵਾਸਤਵ ਲਈ ਫ਼ੇਮ ਅਤੇ ਨਾਮ ਕਮਾਉਣ ਸੌਖਾ ਨਹੀਂ ਸੀ। ਛੋਟੇ ਸ਼ਹਿਰ ਤੋਂ ਨਿਕਲ ਕੇ ਰਾਜੂ ਸ਼੍ਰੀਵਾਸਤਵ ਜਦੋਂ ਕਾਮੇਡੀਅਨ ਬਣਨ ਦਾ ਸੁਫ਼ਨਾ ਲੈ ਕੇ ਮੁੰਬਈ ਆਏ ਤਾਂ ਉਨ੍ਹਾਂ ਨੂੰ ਕਾਫ਼ੀ ਤੰਗਹਾਲੀ ਦਾ ਵੀ ਸਾਹਮਣਾ ਕਰਨਾ ਪਿਆ। ਘਰ ਤੋਂ ਭੇਜੇ ਪੈਸਿਆਂ ਨਾਲ ਉਨ੍ਹਾਂ ਦਾ ਖ਼ਰਚਾ ਪੂਰਾ ਨਹੀਂ ਹੁੰਦਾ ਸੀ। ਆਪਣੇ ਖ਼ਰਚੇ ਪੂਰਾ ਕਰਨ ਲਈ ਰਾਜੂ ਨੇ ਮੁੰਬਈ 'ਚ ਆਟੋ ਰਿਕਸ਼ਾ ਚਲਾਇਆ ਸੀ।

50 ਰੁਪਏ 'ਚ ਕੀਤੀ ਸੀ ਕਾਮੇਡੀ
ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਆਟੋ ਚਲਾਉਂਦੇ ਸਮੇਂ ਹੀ ਆਪਣਾ ਪਹਿਲਾ ਬ੍ਰੇਕ ਮਿਲਿਆ ਸੀ, ਜੋ ਆਟੋ 'ਚ ਬੈਠੀ ਸਵਾਰੀ ਕਾਰਨ ਮਿਲਿਆ ਸੀ। ਰਾਜੂ ਸ਼੍ਰੀਵਾਸਤਵ ਬਾਰੇ ਇਹ ਵੀ ਖ਼ਬਰਾਂ ਹਨ ਕਿ ਉਨ੍ਹਾਂ ਨੇ ਸ਼ੁਰੂਆਤ 'ਚ 50 ਰੁਪਏ 'ਚ ਕਾਮੇਡੀ ਕੀਤੀ ਹੈ ਪਰ ਅੱਜ ਰਾਜੂ ਸ਼੍ਰੀਵਾਸਤਵ ਕਾਮੇਡੀ ਦੀ ਦੁਨੀਆ 'ਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

PunjabKesari

ਫਿਟਨੈੱਸ ਦਾ ਰੱਖਦੇ ਸਨ ਪੂਰਾ ਧਿਆਨ
ਰਾਜੂ ਸ਼੍ਰੀਵਾਸਤਵ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੇ ਸਨ। ਰਾਜੂ ਨੇ ਜਿਮ ਅਤੇ ਵਰਕਆਊਟ ਨਹੀਂ ਛੱਡਿਆ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਸਨ ਅਤੇ ਉਨ੍ਹਾਂ ਦਾ ਉਦੇਸ਼ ਹਮੇਸ਼ਾ ਪ੍ਰਸ਼ੰਸਕਾਂ ਨੂੰ ਹਸਾਉਣਾ ਸੀ। ਉਨ੍ਹਾਂ ਦੇ ਇੰਸਟਾ ਅਕਾਊਂਟ 'ਤੇ ਤੁਹਾਨੂੰ ਕਈ ਮਜ਼ਾਕੀਆ ਵੀਡੀਓਜ਼ ਵੀ ਦੇਖਣ ਨੂੰ ਮਿਲਣਗੇ। ਰਾਜੂ ਸ਼੍ਰੀਵਾਸਤਵ ਹੁਣ ਇਨ੍ਹਾਂ ਕਾਮਿਕ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਦੀਆਂ ਯਾਦਾਂ 'ਚ ਰਹਿਣਗੇ। ਰਾਜੂ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।


author

sunita

Content Editor

Related News