ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’
Monday, Dec 06, 2021 - 11:10 AM (IST)
ਚੰਡੀਗੜ੍ਹ (ਬਿਊਰੋ)– ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਕੰਗਨਾ ਰਣੌਤ ਦੀ ਪੰਜਾਬ ’ਚ ਐਂਟਰੀ ਬੈਨ ਕਰਨ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਇਹ ਐਲਾਨ ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਲਈ ਮੁਆਫ਼ੀ ਮੰਗ ਕੇ ਮੁੱਕਰਣ ਮਗਰੋਂ ਕੀਤਾ ਗਿਆ ਹੈ। ਇਹੀ ਨਹੀਂ, ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕੰਗਨਾ ਰਣੌਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ’ਚ ਪੈਰ ਧਰ ਕੇ ਦਿਖਾਵੇ।
ਕਿਸਾਨ ਬੀਬੀਆਂ ਨੇ 3 ਦਸੰਬਰ ਨੂੰ ਕੰਗਨਾ ਦੀ ਘੇਰਾਬੰਦੀ ਕੀਤੀ ਸੀ ਤੇ ਅਦਾਕਾਰਾ ਨੂੰ ਸਿੱਧੇ ਸਵਾਲ ਕੀਤੇ ਸਨ। ਕਸੂਤੀ ਘਿਰੀ ਕੰਗਨਾ ਨੇ ਉਸ ਸਮੇਂ ਇਨ੍ਹਾਂ ਬੀਬੀਆਂ ਤੋਂ ਮੁਆਫ਼ੀ ਮੰਗੀ ਸੀ ਪਰ ਬਾਅਦ ’ਚ ਆਖ ਦਿੱਤਾ ਕਿ ਉਸ ਨੇ ਕਿਸੇ ਤੋਂ ਮੁਆਫ਼ੀ ਨਹੀਂ ਮੰਗੀ ਤੇ ਨਾ ਹੀ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਮੁੜ ਬਣੀ ਜੋੜੀ, ਇਸ ਪ੍ਰਾਜੈਕਟ 'ਚ ਆਉਣਗੇ ਨਜ਼ਰ
ਕੰਗਨਾ ਦੇ ਇਸ ਦਾਅਵੇ ਮਗਰੋਂ ਕਿਸਾਨ ਕਾਫੀ ਨਾਰਾਜ਼ ਹਨ। ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕਿਹਾ, ‘ਕੰਗਨਾ ਸਾਡੀ ਸ਼ਰਾਫ਼ਤ ਦਾ ਫ਼ਾਇਦਾ ਉਠਾ ਗਈ ਤੇ ਹੁਣ ਉਸ ਤੋਂ ਮੁਆਫ਼ੀ ਮੰਗਵਾਈ ਜਾਵੇ, ਉਹ ਵੀ ਲਿਖਤੀ।’ ਹੁਣ ਉਹ ਕੰਗਨਾ ਦੇ ਘਿਰਾਓ ਲਈ ਮੋਹਾਲੀ ਹਵਾਈ ਅੱਡੇ ਤੱਕ ਵੀ ਜਾਣਗੀਆਂ।
ਉਨ੍ਹਾਂ ਕਿਹਾ ਕਿ ਕੰਗਨਾ ਨੇ ਖ਼ੁਦ ਮੁਆਫ਼ੀ ਮੰਗ ਕੇ ਜੈਕਾਰਾ ਛੱਡਿਆ ਸੀ, ਹੁਣ ਮੁੱਕਰ ਗਈ ਤਾਂ ਉਹ ਕੀ ਕਰ ਸਕਦੇ ਹਨ ਪਰ ਇਸ ਵਾਰ ਕੰਗਨਾ ਨੂੰ ਮੁਆਫ਼ੀਨਾਮਾ ਲਿਖਤੀ ਦੇਣਾ ਪਵੇਗਾ। ਕਿਸਾਨ ਬੀਬੀ ਬਲਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਨਾ ਘੇਰੀ ਗਈ ਸੀ ਤਾਂ ਉਦੋਂ ਕਹਿੰਦੀ ਸੀ ਕਿ ਤੁਸੀਂ ਤਾਂ ਮੇਰੀਆਂ ਮਾਵਾਂ ਵਰਗੀਆਂ ਹੋ। ਉਨ੍ਹਾਂ 3 ਦਸੰਬਰ ਨੂੰ ਕੰਗਨਾ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸਾਡੇ ਖੇਤਾਂ ’ਚ ਇਕ ਘੰਟਾ ਕੰਮ ਕਰਕੇ ਦਿਖਾਵੇ ਤੇ ਉਸ ਨੂੰ ਦਿਹਾੜੀ ਵਜੋਂ ਘੰਟੇ ਦੇ 2500 ਰੁਪਏ ਦਿੱਤੇ ਜਾਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।