''ਮਹਾਭਾਰਤ'' ਦਾ ਭੀਮ 76 ਦੀ ਉਮਰ ''ਚ ਹੋਇਆ ਪਾਈ-ਪਾਈ ਤੋਂ ਮੋਹਤਾਜ, ਸਰਕਾਰ ਨੂੰ ਲਗਾਈ ਮਦਦ ਲਈ ਗੁਹਾਰ
Sunday, Dec 26, 2021 - 04:01 PM (IST)
ਮੁੰਬਈ- ਮਸ਼ਹੂਰ ਟੀਵੀ ਸ਼ੋਅ 'ਮਹਾਭਾਰਤ' ਅੱਜ ਦੇ ਸਮੇਂ 'ਚ ਸਭ ਨੂੰ ਯਾਦ ਹੈ ਜੋ ਲਗਭਗ 3 ਦਹਾਕੇ ਪਹਿਲਾਂ ਦੂਰਦਰਸ਼ਨ 'ਤੇ ਆਇਆ ਸੀ, ਜਿਸ ਨੂੰ ਪਿਛਲੇ ਸਾਲ ਤਾਲਾਬੰਦੀ ਦੌਰਾਨ ਦੂਰਦਰਸ਼ਨ 'ਤੇ ਦੁਬਾਰਾ ਪ੍ਰਸਾਰਿਤ ਕੀਤਾ ਗਿਆ ਸੀ। ਅੱਜ ਤੋਂ 30 ਸਾਲ ਪਹਿਲਾਂ 'ਮਹਾਭਾਰਤ' ਟੀਵੀ ਦਾ ਉਹ ਸ਼ੋਅ ਹੁੰਦਾ ਸੀ, ਜਿਸ ਲਈ ਪਿੰਡ-ਪਿੰਡ ਦੇ ਲੋਕ ਇਕੱਠੇ ਹੁੰਦੇ ਸਨ। ਤਾਲਾਬੰਦੀ ਦੌਰਾਨ ਸ਼ੋਅ ਨੂੰ ਕਾਫੀ ਪਿਆਰ ਮਿਲਿਆ।
ਸ਼ੋਅ 'ਚ ਆਪਣੇ-ਆਪਣੇ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ 'ਚੋਂ ਇਕ ਸੀ 'ਗਦਾਧਾਰੀ ਭੀਮ'। ਭੀਮ ਦਾ ਕਿਰਦਾਰ ਪ੍ਰਵੀਨ ਕੁਮਾਰ ਸੋਬਤੀ ਨੇ ਨਿਭਾਇਆ ਸੀ। ਉਨ੍ਹਾਂ ਨੇ ਹਾਲ ਹੀ 'ਚ ਆਪਣਾ 74ਵਾਂ ਜਨਮਦਿਨ ਮਨਾਇਆ ਸੀ ਪਰ ਹੁਣ ਪ੍ਰਵੀਨ 'ਪਾਈ ਪਾਈ' ਤੋਂ ਮੋਹਤਾਜ ਹੈ। ਉਸ ਦੀ ਆਰਥਿਕ ਹਾਲਤ ਇੰਨੀ ਗੰਭੀਰ ਹੋ ਗਈ ਹੈ ਕਿ ਉਸ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। 74 ਸਾਲ ਦੀ ਉਮਰ 'ਚ ਪੈਨਸ਼ਨ ਦੀ ਕੀਤੀ ਮੰਗ 6 ਫੁੱਟ ਤੋਂ ਵੱਧ ਕੱਦ ਵਾਲੇ ਪ੍ਰਵੀਨ ਕੁਮਾਰ ਸੋਬਤੀ ਨੇ ਆਪਣੇ ਕੱਦ-ਕਾਠ ਨਾਲ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਜ਼ਿੰਦਗੀ ਦੇ 74 ਸਾਲ ਬੀਤਣ ਤੋਂ ਬਾਅਦ ਅੱਜ ਪ੍ਰਵੀਨ ਪਾਈ ਪਾਈ ਨੂੰ ਤਰਸ ਰਿਹਾ ਹੈ। ਹੁਣ ਤੱਕ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਪਰ ਹੁਣ ਉਸ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਇਸ ਲਈ ਉਸ ਨੇ ਪੰਜਾਬ ਸਰਕਾਰ ਨੂੰ ਗੁਜ਼ਾਰਾ ਕਰਨ ਲਈ ਪੈਨਸ਼ਨ ਦੀ ਅਪੀਲ ਕੀਤੀ ਹੈ।
ਪ੍ਰਵੀਨ ਦੀ ਪੰਜਾਬ ਸਰਕਾਰ ਨੂੰ ਸ਼ਿਕਾਇਤ
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਮੈਨੂੰ ਪੰਜਾਬ 'ਚ ਬਣੀਆਂ ਸਾਰੀਆਂ ਸਰਕਾਰਾਂ ਤੋਂ ਸ਼ਿਕਾਇਤ ਹੈ, ਜੋ ਵੀ ਖਿਡਾਰੀ ਏਸ਼ੀਅਨ ਖੇਡਾਂ ਖੇਡਦੇ ਹਨ ਜਾਂ ਮੈਡਲ ਜਿੱਤਦੇ ਹਨ, ਉਨ੍ਹਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਮੈਨੂੰ ਇਸ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਸੀ।
ਖੇਡਾਂ 'ਚ ਦੇਸ਼ ਦਾ ਨਾਂ ਉੱਚਾ ਕੀਤਾ
ਓਲੰਪਿਕ, ਫਿਰ ਏਸ਼ੀਆਈ, ਰਾਸ਼ਟਰਮੰਡਲ 'ਚ ਦੋ ਵਾਰ ਸੋਨਾ, ਚਾਂਦੀ ਦੇ ਤਗਮੇ ਜਿੱਤਣ ਵਾਲੇ ਪ੍ਰਵੀਨ ਨੂੰ 1967 ਵਿੱਚ ਖੇਡ ਦੇ ਸਰਵਉੱਚ ਪੁਰਸਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ। ਖੇਡਾਂ ਤੋਂ ਫਿਲਮੀ ਗਲੈਮਰ ਤਕ ਦਾ ਸਫਰ ਤੈਅ ਕਰਨ ਵਾਲਾ 'ਭੀਮ' ਹੁਣ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਪ੍ਰਵੀਨ ਕੁਮਾਰ ਸੋਬਤੀ ਪੰਜਾਬ ਦੇ ਅੰਮ੍ਰਿਤਸਰ ਨੇੜੇ ਸਰਹਾਲੀ ਨਾਮਕ ਪਿੰਡ ਦਾ ਵਸਨੀਕ ਹੈ।
ਇਕ ਇੰਟਰਵਿਊ ਦੌਰਾਨ ਮਹਾਭਾਰਤ ਦੇ ਭੀਮ ਨੇ ਕਿਹਾ ਕਿ ਕੋਰੋਨਾ ਨੇ ਰਿਸ਼ਤਿਆਂ ਦੀ ਸੱਚਾਈ ਦੱਸ ਦਿੱਤੀ ਹੈ। ਸਾਰੇ ਰਿਸ਼ਤੇ ਖੋਖਲੇ ਹਨ। ਔਖੇ ਵੇਲੇ ਕੋਈ ਸਹਾਰਾ ਮਿਲ ਜਾਵੇ ਤਾਂ ਉਹ ਵੀ ਆਪ ਹੀ ਭੱਜ ਜਾਂਦਾ ਹੈ। ਪ੍ਰਵੀਨ ਨੇ ਦੱਸਿਆ ਕਿ ਹੁਣ ਉਸ ਦੀ ਸਿਹਤ ਠੀਕ ਨਹੀਂ ਹੈ, ਖਾਣ-ਪੀਣ 'ਚ ਵੀ ਕਈ ਤਰ੍ਹਾਂ ਦੇ ਪਰਹੇਜ਼ ਹਨ। ਉਸ ਦੀ ਪਤਨੀ ਉਸ ਦੀ ਦੇਖਭਾਲ ਕਰਦੀ ਹੈ।