ਗੋਆ ਸਰਕਾਰ ਦਾ ਵੱਡਾ ਫ਼ੈਸਲਾ, ਟੀ. ਵੀ. ਸੀਰੀਅਲਜ਼ ਤੇ ਫ਼ਿਲਮਾਂ ਦੀ ਸ਼ੂਟਿੰਗ ’ਤੇ ਲਾਈ ਰੋਕ

05/07/2021 11:42:05 AM

ਮੁੰਬਈ (ਬਿਊਰੋ)– ਭਾਰਤ ’ਚ ਕੋਵਿਡ 19 ਦੀ ਦੂਜੀ ਲਹਿਰ ਤੇਜ਼ੀ ਨਾਲ ਚੱਲ ਰਹੀ ਹੈ। ਇਹ ਖ਼ਤਰਨਾਕ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਮਾਰ ਰਿਹਾ ਹੈ। ਬਹੁਤ ਸਾਰੇ ਸੂਬਿਆਂ ’ਚ ਪੂਰੀ ਤਰ੍ਹਾਂ ਨਾਲ ਤਾਲਾਬੰਦੀ ਲਾਗੂ ਕੀਤੀ ਗਈ ਹੈ ਤੇ ਬਹੁਤ ਸਾਰੀਆਂ ਥਾਵਾਂ ’ਤੇ ਘੱਟ ਪਾਬੰਦੀਆਂ ਲਗਾਈਆਂ ਗਈਆਂ ਹਨ। ਫ਼ਿਲਮ ਤੇ ਟੀ. ਵੀ. ਇੰਡਸਟਰੀ ਨੂੰ ਇਕ ਵਾਰ ਫਿਰ ਮੁੰਬਈ ’ਚ ਬੰਦ ਹੋਣ ਕਾਰਨ ਝਟਕਾ ਲੱਗਾ ਹੈ। ਸ਼ੂਟਿੰਗ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਅਜਿਹੀ ਸਥਿਤੀ ’ਚ ਨਿਰਮਾਤਾਵਾਂ ਨੇ ਕਿਸੇ ਦੂਜੇ ਸੂਬੇ ਜਾਂ ਸ਼ਹਿਰ ’ਚ ਸ਼ੂਟ ਕਰਨ ਦਾ ਫ਼ੈਸਲਾ ਕੀਤਾ ਸੀ।

ਈ. ਐੱਸ. ਜੀ. ਦਾ ਵੱਡਾ ਫ਼ੈਸਲਾ
ਹੁਣ ਐਂਟਰਟੇਨਮੈਂਟ ਸੁਸਾਇਟੀ ਆਫ ਗੋਆ (ਈ. ਐੱਸ. ਜੀ.) ਨੇ ਫ਼ਿਲਮ ਤੇ ਟੀ. ਵੀ. ਸੀਰੀਅਲਜ਼ ਦੀ ਸ਼ੂਟਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ’ਚ ਕੋਵਿਡ 19 ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੱਸ ਦੇਈਏ ਕਿ ਈ. ਐੱਸ. ਜੀ. ਗੋਆ ਸਰਕਾਰ ਦੀ ਨੋਡਲ ਏਜੰਸੀ ਹੈ, ਜੋ ਸੂਬੇ ’ਚ ਵਪਾਰਕ ਸ਼ੂਟਿੰਗ ਦੀ ਇਜਾਜ਼ਤ ਦਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬੰਗਾਲ ਹਿੰਸਾ ’ਤੇ ਫੁੱਟ-ਫੁੱਟ ਕੇ ਰੋਈ ਪਾਇਲ ਰੋਹਤਗੀ, ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਨੂੰ ਦੇਖੋ ਕੀ ਕਿਹਾ

ਕਈ ਫ਼ਿਲਮਾਂ ਤੇ ਟੀ. ਵੀ. ਨਿਰਮਾਤਾਵਾਂ ਨੇ ਗੋਆ ’ਚ ਸ਼ੂਟਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਸਾਰੇ ਸ਼ਿਫਟ ਵੀ ਹੋ ਗਏ ਸਨ। ਏਜੰਸੀ ਨੇ ਸਾਰਿਆਂ ਨੂੰ ਇਜਾਜ਼ਤ ਵੀ ਦੇ ਦਿੱਤੀ ਸੀ ਪਰ ਅਚਾਨਕ ਸੂਬੇ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਵੱਡਾ ਫ਼ੈਸਲਾ ਲਿਆ ਤੇ ਸ਼ੂਟਿੰਗ ਰੱਦ ਕਰਨ ਦਾ ਐਲਾਨ ਕੀਤਾ।

ਜਦੋਂ ਤੱਕ ਸੂਬੇ ’ਚ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ, ਕਿਸੇ ਨੂੰ ਵੀ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਹੜੇ ਗੋਆ ’ਚ ਸੀਰੀਅਲ ਤੇ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ, ਉਨ੍ਹਾਂ ਨੂੰ ਸ਼ੂਟਿੰਗ ਬੰਦ ਕਰਨ ਲਈ ਕਿਹਾ ਗਿਆ ਹੈ।

ਧਾਰਾ 144 ਲਾਗੂ
ਸੂਬਾ ਸਰਕਾਰ ਨੇ ਵੀ ਸਖ਼ਤ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਧਾਰਾ 144 ਦੇ ਤਹਿਤ ਸਰਕਾਰ ਨੇ ਇਕ ਜਗ੍ਹਾ ’ਤੇ ਪੰਜ ਤੋਂ ਵੱਧ ਲੋਕਾਂ ਨੂੰ ਮਿਲਣ ’ਤੇ ਪਾਬੰਦੀ ਲਗਾਈ ਹੈ, ਜਿਸ ਕਾਰਨ ਸ਼ੂਟਿੰਗ ਨਹੀਂ ਹੋ ਸਕਦੀ। ਈ. ਐੱਸ. ਜੀ. ਨੇ ਜੋ ਫ਼ੈਸਲਾ ਲਿਆ ਹੈ, ਉਸ ’ਤੇ ਉਹ ਉਦੋਂ ਹੀ ਕੋਈ ਹੋਰ ਫ਼ੈਸਲਾ ਲੈਣਗੇ, ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸਥਿਤੀ ਕੰਟਰੋਲ ’ਚ ਆਵੇਗੀ। ਬੁੱਧਵਾਰ ਨੂੰ ਗੋਆ ’ਚ 3,496 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ ਤੇ 71 ਮੌਤਾਂ ਹੋਈਆਂ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਕੋਵਿਡ 19 ਵਾਇਰਸ ਨਾਲ 1,443 ਮੌਤਾਂ ਹੋਈਆਂ ਹਨ ਤੇ 1,04,398 ਮਾਮਲੇ ਸਾਹਮਣੇ ਆਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News