ਸੋਹਣੀ ਕਹਾਣੀ, ਭਰਪੂਰ ਕਾਮੇਡੀ ਤੇ ਸੁਨੇਹੇ ਭਰੀ ਹੈ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’

Monday, Oct 03, 2022 - 04:02 PM (IST)

ਸੋਹਣੀ ਕਹਾਣੀ, ਭਰਪੂਰ ਕਾਮੇਡੀ ਤੇ ਸੁਨੇਹੇ ਭਰੀ ਹੈ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’

ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ 5 ਅਕਤੂਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਪਹਿਲੀ ਵਾਰ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਇਕੱਠੇ ਨਜ਼ਰ ਆ ਰਹੇ ਹਨ, ਜਿਸ ਨੂੰ ਲੈ ਕੇ ਦਰਸ਼ਕਾਂ ’ਚ ਭਾਰੀ ਉਤਸ਼ਾਹ ਹੈ। ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੂੰ ਸਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ਕਹਿਣਾ ਵੀ ਗਲਤ ਨਹੀਂ ਹੋਵੇਗਾ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਦਿਲਜੀਤ ਦੋਸਾਂਝ, ਸਰਗੁਣ ਮਹਿਤਾ, ਸੋਹੇਲ ਅਹਿਮਦ ਤੇ ਅਮਰਜੀਤ ਸਿੰਘ ਨਾਲ ਫ਼ਿਲਮ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ ਗਈ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਫ਼ਿਲਮ ਰਾਹੀਂ ਤੁਸੀਂ ਕਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ?
ਦਿਲਜੀਤ ਦੋਸਾਂਝ–
ਜਿਵੇਂ ਤੁਸੀਂ ਟਰੇਲਰ ਦੇਖ ਰਹੇ ਹੋ, ਉਸ ਦਾ ਆਨੰਦ ਲੈ ਰਹੇ ਹੋ। ਉਸੇ ਤਰ੍ਹਾਂ ਜਦੋਂ ਤੁਸੀਂ ਫ਼ਿਲਮ ਦੇਖਣ ਜਾਓਗੇ ਤਾਂ ਤੁਸੀਂ ਫ਼ਿਲਮ ਦਾ ਆਨੰਦ ਮਾਣੋਗੇ ਹੱਸਦੇ–ਖੇਡਦੇ ਪਰ ਜਿਵੇਂ ਫ਼ਿਲਮ ਸ਼ੁਰੂ ਹੁੰਦੀ ਹੈ, ਇਕ ਬਹੁਤ ਹੀ ਪਿਆਰਾ ਸੁਨੇਹਾ ਸਵਾਲ ਵਾਂਗੂ ਦੱਸ ਦਿੱਤਾ ਜਾਂਦਾ ਹੈ, ਜੋ ਤੁਹਾਡੇ ਦਿਮਾਗ ’ਚ ਚੱਲਦਾ ਰਹੇਗਾ। ਫ਼ਿਲਮ ’ਚ ਕਾਮੇਡੀ ਚੱਲਦੀ ਰਹੇਗੀ ਪਰ ਨਾਲ ਹੀ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ, ਜੋ ਅਖੀਰ ’ਚ ਤੁਹਾਨੂੰ ਪਤਾ ਲੱਗ ਜਾਵੇਗਾ।

ਸਵਾਲ– ਕੀ ਅੱਜਕਲ ਰਿਸ਼ਤਿਆਂ ਨਾਲੋਂ ਜ਼ਰੂਰੀ ਪੈਸਾ ਹੋ ਗਿਆ ਹੈ?
ਸਰਗੁਣ ਮਹਿਤਾ–
ਜੀ ਹਾਂ, ਹੋ ਗਿਆ ਹੈ, ਮੈਨੂੰ ਲੱਗਦਾ ਹੈ ਕਿ ਇਸੇ ਲਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਲੋੜ ਵੀ ਹੈ। ਅੱਜਕਲ ਹਰ ਇਕ ਨੂੰ ਲੱਗਦਾ ਕਿ ਜੋ ਸੋਸ਼ਲ ਮੀਡੀਆ ’ਤੇ ਹੋ ਰਿਹਾ, ਉਹ ਜ਼ਿਆਦਾ ਜ਼ਰੂਰੀ ਹੈ, ਮਹਿੰਗੀਆਂ ਚੀਜ਼ਾਂ-ਗੱਡੀਆਂ ਲੈਣੀਆਂ ਤੇ ਸ਼ੋਅ ਆਫ ਕਰਨੀ ਤੇ ਜੋ ਘਰ ਬੈਠਾ ਉਹ ਜ਼ਰੂਰੀ ਨਹੀਂ।

ਸਵਾਲ– ਨਵੇਂ ਕਲਾਕਾਰਾਂ ਤੋਂ ਤੁਸੀਂ ਕਿਹੜੀਆਂ ਚੀਜ਼ਾਂ ਸਿੱਖਦੇ ਹੋ?
ਸੋਹੇਲ ਅਹਿਮਦ–
ਨਵੇਂ ਕਲਾਕਾਰ ਹਮੇਸ਼ਾ ਨਵੀਂ ਚੀਜ਼ ਲੈ ਕੇ ਆਉਂਦੇ ਹਨ। ਮੇਰਾ ਪੁੱਤਰ ਮੈਨੂੰ ਦਿਲਜੀਤ ਦੋਸਾਂਝ ਦੇ ਸੰਗੀਤ ਬਾਰੇ ਦੱਸਣਾ ਸ਼ੁਰੂ ਹੋਇਆ। ਮੈਂ ਹੈਰਾਨ ਹੋ ਗਿਆ ਕਿ ਅੱਜ ਦੇ ਬੱਚਿਆਂ ਨੂੰ ਸੰਗੀਤ ਬਾਰੇ ਕਿੰਨਾ ਗਿਆਨ ਹੈ। ਕਲਾਕਾਰ ਆਪਣੇ ਦਿਮਾਗ ’ਚ ਹਮੇਸ਼ਾ ਨਵੀਂ ਚੀਜ਼ ਲੈ ਕੇ ਆਉਂਦਾ ਹੈ।

ਸਵਾਲ– ਦਿਲਜੀਤ ਤੇ ਸਰਗੁਣ ਦੀ ਸਭ ਤੋਂ ਵਧੀਆ ਗੱਲ ਕੀ ਹੈ?
ਅਮਰਜੀਤ ਸਿੰਘ–
ਦਿਲਜੀਤ ਭਾਅ ਜੀ ਦੀ ਦਿਲਚਸਪੀ ਬਹੁਤ ਰਹਿੰਦੀ ਕੰਮ ਪ੍ਰਤੀ, ਉਹ ਹਰ ਚੀਜ਼ ’ਚ ਆਪਣੀ ਰੁਚੀ ਦਿਖਾਉਂਦੇ ਹਨ। ਸਰਗੁਣ ਮਹਿਤਾ ਵੀ ਦਿਲਚਸਪੀ ਬਹੁਤ ਰੱਖਦੇ ਹਨ ਤੇ ਫੇਅਰਲੈੱਸ ਬਹੁਤ ਹਨ। ਮੈਨੂੰ ਇਹ ਚੀਜ਼ ਵਧੀਆ ਲੱਗਦੀ ਇਨ੍ਹਾਂ ਬਾਰੇ।

ਸਵਾਲ– ਜਿੰਨਾ ਧਿਆਨ ਬੱਚਿਆਂ ਦਾ ਰੱਖਣਾ ਪੈਂਦਾ, ਉਨਾ ਹੀ ਬਜ਼ੁਰਗਾਂ ਦਾ ਵੀ ਰੱਖਣਾ ਪੈਂਦਾ ਹੈ। ਕੀ ਕਹੋਗੇ ਇਸ ਬਾਰੇ?
ਦਿਲਜੀਤ ਦੋਸਾਂਝ–
ਤੁਸੀਂ ਫ਼ਿਲਮ ’ਚ ਦੇਖਿਓ ਜੋ ਅਸੀਂ ਖ਼ਿਆਲ ਰੱਖਿਆ ਫ਼ਿਲਮ ’ਚ ਸੋਹੇਲ ਸਰ ਦਾ। ਫ਼ਿਲਮ ਵੀ ਇਸੇ ’ਤੇ ਹੀ ਹੈ ਕਿ ਤੁਸੀਂ ਬਜ਼ੁਰਗਾਂ ਦਾ ਖ਼ਿਆਲ ਕਿਵੇਂ ਰੱਖਣਾ ਹੈ। ਮੈਨੂੰ ਲੱਗਦਾ ਹੈ ਇਸ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ।

ਸਵਾਲ– ਆਪਣੇ ਦੋਵਾਂ ਦੇ ਕਿਰਦਾਰਾਂ ਦੀ ਇਕ-ਇਕ ਖ਼ਾਸੀਅਤ ਦੱਸੋ।
ਸਰਗੁਣ ਮਹਿਤਾ–
ਉਹ ਬਜ਼ੁਰਗਾਂ ਦਾ ਬਹੁਤ ਖ਼ਿਆਲ ਰੱਖਦੀ ਹੈ ਤੇ ਉਨ੍ਹਾਂ ਨੂੰ ਬੱਚਿਆਂ ਵਾਂਗ ਟ੍ਰੀਟ ਕਰਦੀ ਹੈ ਤੇ ਬਹੁਤ ਸਾਫ ਦਿਲ ਦੀ ਹੈ।
ਦਿਲਜੀਤ– ਬਜ਼ੁਰਗਾਂ ਨੂੰ ਮੇਰਾ ਕਿਰਦਾਰ ਵੀ ਪਿਆਰ ਕਰਦਾ ਹੈ, ਇਸੇ ਲਈ ਫ਼ਿਲਮ ’ਚ ਅਸੀਂ ਸੋਹੇਲ ਜੀ ਨੂੰ ਆਪਣੇ ਘਰ ਲੈ ਕੇ ਆਏ।

ਸਵਾਲ– ਦਿਲਜੀਤ ਤੇ ਸਰਗੁਣ ਦੀ ਕਿਹੜੀ ਫ਼ਿਲਮ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?
ਸੋਹੇਲ ਅਹਿਮਦ–
ਮੈਨੂੰ ਇਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਹੀ ਪਸੰਦ ਹਨ, ਇਸੇ ਲਈ ਮੈਂ ਇਨ੍ਹਾਂ ਨਾਲ ਇਸ ਫ਼ਿਲਮ ’ਚ ਕੰਮ ਕੀਤਾ ਹੈ। ਇਨ੍ਹਾਂ ਦੀ ਹਰ ਫ਼ਿਲਮ ਪਹਿਲੀ ਨਾਲੋਂ ਅਲੱਗ ਹੁੰਦੀ ਹੈ। ਦੋਵੇਂ ਬਹੁਤ ਸਮਝਦਾਰ ਕਲਾਕਾਰ ਹਨ।

ਸਵਾਲ– ਫ਼ਿਲਮ ਦਾ ਟਾਈਟਲ ‘ਬਾਬੇ ਭੰਗੜਾ ਪਾਉਂਦੇ ਨੇ’ ਰੱਖਣ ਦਾ ਕੋਈ ਖ਼ਾਸ ਕਾਰਨ?
ਅਮਰਜੀਤ ਸਿੰਘ–
ਫ਼ਿਲਮ ਸਾਡੀ ਬਾਬਿਆਂ ’ਤੇ ਹੀ ਹੈ, ਉਂਝ ਤਾਂ ਇਹ ਬੱਚੇ ਹੀ ਹਨ ਸਾਰੇ ਪਰ ਤੰਗ ਬਹੁਤ ਕਰਦੇ ਹਨ। ਕਹਾਣੀ ਵੀ ਇਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਇਸ ਲਈ ਸਾਨੂੰ ਇਹ ਟਾਈਟਲ ਵਧੀਆ ਲੱਗਾ।


author

Rahul Singh

Content Editor

Related News