ਗਾਇਕ ਬੀ ਪਰਾਕ ਦੀ ਕਾਲਕਾਜੀ ਮੰਦਰ ਕੰਪਲੈਕਸ ਹਾਦਸੇ 'ਤੇ ਪਹਿਲੀ ਪ੍ਰਤੀਕਿਰਿਆ, ਕਿਹਾ- ਪਹਿਲੀ ਵਾਰ ਵੇਖਿਆ...
Monday, Jan 29, 2024 - 06:25 PM (IST)
ਐਂਟਰਟੇਨਮੈਂਟ ਡੈਸਕ — ਬੀਤੇ ਦਿਨੀਂ ਰਾਜਧਾਨੀ ਦਿੱਲੀ ਦੇ ਕਾਲਕਾਜੀ ਮੰਦਰ ਕੰਪਲੈਕਸ 'ਚ ਵੱਡਾ ਹਾਦਸਾ ਵਾਪਰਿਆ। ਮੰਦਰ 'ਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਦੇਰ ਰਾਤ ਕੀਰਤਨ ਦੀ ਸਟੇਜ ਢਿੱਗ ਗਈ। ਦੱਸਿਆ ਗਿਆ ਕਿ ਇਸ ਹਾਦਸੇ 'ਚ ਇਕ ਔਰਤ ਦੀ ਮੌਤ ਹੋਈ, ਜਦੋਂਕਿ 17 ਲੋਕ ਜ਼ਖਮੀ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਤਰੁੰਤ ਹੀ ਜ਼ਖਮੀਆਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
...ਤਾਂ ਇੰਝ ਹੋਇਆ ਹਾਦਸਾ
ਦੱਸ ਦਈਏ ਕਿ ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਸਟੇਜ ‘ਤੇ ਗਾਇਕ ਬੀ ਪਰਾਕ ਮੌਜੂਦ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭੀੜ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਾਰਨ ਮੰਚ ‘ਤੇ ਦਬਾਅ ਵਧ ਗਿਆ ਸੀ।
1500 ਤੋਂ ਵੱਧ ਲੋਕਾਂ ਦੀ ਇਕੱਠੀ ਹੋਈ ਸੀ ਭੀੜ
ਜਾਣਕਾਰੀ ਮੁਤਾਬਕ, ਗਾਇਕ ਬੀ ਪਰਾਕ ਦੇ ਭਜਨਾਂ ਨੂੰ ਸੁਣਨ ਲਈ 1500 ਤੋਂ ਵੱਧ ਲੋਕਾਂ ਦੀ ਭੀੜ ਆਈ ਸੀ, ਜਿਨ੍ਹਾਂ 'ਚ ਬਹੁਤ ਸਾਰੇ ਬੱਚੇ, ਔਰਤਾਂ ਅਤੇ ਬਜ਼ੁਰਗ ਸਨ। ਜਾਗਰਣ ਦੌਰਾਨ ਵੱਡੀ ਗਿਣਤੀ 'ਚ ਲੋਕ ਸਟੇਜ 'ਤੇ ਚੜ੍ਹ ਗਏ, ਜਿਸ ਕਾਰਨ ਸਟੇਜ ਟੁੱਟ ਗਈ।
ਘਟਨਾ ਮਗਰੋਂ ਬੀ ਪਰਾਕ ਨੇ ਦਿੱਤੀ ਪ੍ਰਤੀਕਿਰਿਆ
27-28 ਜਨਵਰੀ ਦੀ ਰਾਤ ਨੂੰ ਆਯੋਜਿਤ ਕਰਵਾਏ ਗਏ ਜਾਗਰਣ 'ਚ ਗਾਇਕ ਬੀ ਪਰਾਕ ਨੇ ਵੀ ਪਰਫਾਰਮ ਕੀਤਾ। ਉਨ੍ਹਾਂ ਘਟਨਾ ਦੇ ਤੁਰੰਤ ਮਗਰੋਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਦੁੱਖੀ ਅਤੇ ਨਿਰਾਸ਼ ਹਾਂ। ਇਹ ਪਹਿਲੀ ਵਾਰ ਹੈ ਜਦੋਂ ਮੈਂ ਮਾਂ ਕਾਲਕਾਜੀ ਮੰਦਰ 'ਚ ਪ੍ਰਦਰਸ਼ਨ ਕਰਨ ਵਾਲੀ ਜਗ੍ਹਾ 'ਤੇ ਅਜਿਹਾ ਕੁਝ ਹੁੰਦਾ ਦੇਖਿਆ। ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ, ਉਹ ਜਲਦੀ ਠੀਕ ਹੋ ਜਾਣਗੇ।
ਔਰਤ ਦੀ ਹੋਈ ਮੌਤ
ਮੌਜੂਦ ਪੁਲਸ ਅਤੇ ਪ੍ਰਬੰਧਕਾਂ ਨੇ ਐਂਬੂਲੈਂਸ ਰਾਹੀਂ ਸਾਰੇ ਜ਼ਖਮੀਆਂ ਨੂੰ ਏਮਜ਼ ਟਰਾਮਾ ਸੈਂਟਰ ਅਤੇ ਸਫਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਮਦਦ ਕੀਤੀ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੁੱਲ 17 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ, ਜਿਨ੍ਹਾਂ ‘ਚੋਂ ਮੈਕਸ ਹਸਪਤਾਲ ‘ਚ ਇਲਾਜ ਦੌਰਾਨ 45 ਸਾਲਾ ਔਰਤ ਦੀ ਮੌਤ ਹੋ ਗਈ।