ਹੌਲੀ-ਹੌਲੀ ਤਰੱਕੀ ਦੀ ਪੌੜੀ ਚੜ੍ਹੇ ਆਯੂਸ਼ਮਾਨ ਖੁਰਾਣਾ, ਬਾਲੀਵੁੱਡ ’ਚ ਇੰਝ ਬਣਾਈ ਵੱਖਰੀ ਪਛਾਣ
Tuesday, Sep 14, 2021 - 12:08 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਪਰਦੇ ’ਤੇ ਆਪਣੀ ਅਦਾਕਾਰੀ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣੇ ਜਾਂਦੇ ਹਨ। ਉਹ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਛੋਟੇ ਬਜਟ ਦੀਆਂ ਫ਼ਿਲਮਾਂ ਨੂੰ ਧਮਾਕੇਦਾਰ ਓਪਨਿੰਗ ਕਰਵਾ ਸਕਦੇ ਹਨ। ਆਯੂਸ਼ਮਾਨ ਖੁਰਾਣਾ ਦੀ ਬਹੁਤ ਸਾਰੀਆਂ ਘੱਟ ਬਜਟ ਦੀਆਂ ਫ਼ਿਲਮਾਂ ਰਹੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ’ਤੇ ਧਮਾਕੇਦਾਰ ਕਮਾਈ ਕੀਤੀ ਹੈ। ਆਯੂਸ਼ਮਾਨ ਦਾ ਜਨਮ 14 ਸਤੰਬਰ, 1984 ਨੂੰ ਚੰਡੀਗੜ੍ਹ ’ਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਚੰਡੀਗੜ੍ਹ ਦੇ ਮਸ਼ਹੂਰ ਐਸਟ੍ਰੋਲਾਜਰ ਪੀ. ਖੁਰਾਣਾ ਹਨ। ਆਯੂਸ਼ਮਾਨ ਖੁਰਾਣਾ ਨੇ ਆਪਣੀ ਪੂਰੀ ਪੜ੍ਹਾਈ ਚੰਡੀਗੜ੍ਹ ਤੋਂ ਹੀ ਕੀਤੀ ਸੀ। ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਾਸ ਕਮਿਊਨੀਕੇਸ਼ਨ ’ਚ ਐੱਮ. ਏ. ਕੀਤੀ ਹੈ। ਆਯੂਸ਼ਮਾਨ ਖੁਰਾਣਾ ਦੇ ਪਿਤਾ ਨੇ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਰਚਨਾਤਮਕ ਚੀਜ਼ਾਂ ਕਰਨ ਦਾ ਮੌਕਾ ਦਿੱਤਾ। ਉਹ ਥਿਏਟਰ ਨਾਲ ਵੀ ਜੁੜੇ ਰਹੇ ਤੇ ਇਕ ਪੱਤਰਕਾਰ ਦੇ ਰੂਪ ’ਚ ਨੌਕਰੀ ਵੀ ਕੀਤੀ ਹੈ। ਆਯੂਸ਼ਮਾਨ ਖੁਰਾਣਾ ਨੇ ਚੰਡੀਗੜ੍ਹ ’ਚ ‘ਆਗਾਜ਼’ ਤੇ ‘ਮੰਚਤੰਤਰਾ’ ਨਾਮਕ ਥਿਏਟਰ ਗਰੁੱਪਸ ਦੀ ਸ਼ੁਰੂਆਤ ਵੀ ਕੀਤੀ ਸੀ, ਜੋ ਅੱਜ ਵੀ ਚੰਡੀਗੜ੍ਹ ’ਚ ਸਰਗਰਮ ਹੈ।
ਆਯੂਸ਼ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਰਾਹੀਂ ਕੀਤੀ ਸੀ। ਪਹਿਲੀ ਵਾਰ ਉਹ ਟੀ. ਵੀ. ’ਤੇ ਰਿਐਲਿਟੀ ਸ਼ੋਅ ‘ਐੱਮ. ਟੀ. ਵੀ. ਰੌਡੀਜ਼’ ’ਚ ਨਜ਼ਰ ਆਏ ਸਨ। ‘ਐੱਮ. ਟੀ. ਵੀ. ਰੌਡੀਜ਼’ ਦਾ ਸੀਜ਼ਨ 2 ਜਿੱਤਣ ਤੋਂ ਬਾਅਦ ਆਯੂਸ਼ਮਾਨ ਦਾ ਰਾਹ ਖੁੱਲ੍ਹਿਆ। ਉਹ ਰੇਡੀਓ ’ਚ ਵੀ ਕੰਮ ਕਰਨ ਲੱਗੇ। ਇਸ ਤੋਂ ਬਾਅਦ ਆਯੂਸ਼ਮਾਨ ਐੱਮ. ਟੀ. ਵੀ. ਸਮੇਤ ਅਲੱਗ-ਅਲੱਗ ਚੈਨਲਾਂ ’ਤੇ ਸ਼ੋਅ ਹੋਸਟ ਕਰਨ ਲੱਗੇ ਤੇ ਫਿਰ ਉਨ੍ਹਾਂ ਦਾ ਚਿਹਰਾ ਘਰ-ਘਰ ਮਸ਼ਹੂਰ ਹੋ ਗਿਆ।
ਸਾਲ 2012 ਆਯੂਸ਼ਮਾਨ ਖੁਰਾਣਾ ਦੇ ਕਰੀਅਰ ਦਾ ਸਭ ਤੋਂ ਖ਼ਾਸ ਸਾਲ ਰਿਹਾ। ਇਸ ਸਾਲ ਉਨ੍ਹਾਂ ਦੀ ਡੈਬਿਊ ਫ਼ਿਲਮ ‘ਵਿੱਕੀ ਡੌਨਰ’ ਆਈ। ‘ਵਿੱਕੀ ਡੌਨਰ’ ਲਈ ਆਯੂਸ਼ਮਾਨ ਨੂੰ ਬੈਸਟ ਡੈਬਿਊ ਅਦਾਕਾਰ ਦਾ ਫ਼ਿਲਮਫੇਅਰ ਐਵਾਰਡ ਤਾਂ ਮਿਲਿਆ ਹੀ, ਉਸ ਦੇ ਨਾਲ ਹੀ ਉਨ੍ਹਾਂ ਵਲੋਂ ਗਾਏ ਗਾਣੇ ‘ਪਾਣੀ ਦਾ ਰੰਗ’ ਲਈ ਉਨ੍ਹਾਂ ਨੂੰ ਫ਼ਿਲਮਫੇਅਰ ਤੋਂ ਬੈਸਰ ਸਿੰਗਰ ਦਾ ਐਵਾਰਡ ਵੀ ਮਿਲਿਆ। ਇਸ ਦੇ ਨਾਲ ਹੀ ‘ਜ਼ੀ ਸਿਨੇ ਐਵਾਰਡ’ ਤੋਂ ਲੈ ਕੇ ‘ਸਟਾਰਡਸਟ ਐਵਾਰਡ’ ਤਕ ’ਚ ਉਨ੍ਹਾਂ ਦੀ ਧੂਮ ਰਹੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।