ਫੈਨਜ਼ ਨਾਲ ਮਿਲਣ ਲਈ ਆਯੁਸ਼ਮਾਨ ਖੁਰਾਨਾ ਨੇ ਛੱਡਿਆ ਡਿਨਰ

2/25/2021 11:36:26 AM

ਮੁੰਬਈ: ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਨੇ ਆਪਣੀ ਸੋਸ਼ਲ ਇੰਟਰਟੇਨਰ ਫਿਲਮਾਂ ਦੇ ਬਲਬੂਤੇ ਕਈ ਵਾਰ ਰਾਸ਼ਟਰੀ ਪੱਧਰ ’ਤੇ ਚਰਚਾ ਛੇੜੀ ਹੈ, ਜੋ ਬੁਨਿਆਦੀ ਤੌਰ ’ਤੇ ਟੈਬੂ ਯਾਨੀ ਵਰਜਿਤ ਮਜ਼ਮੂਨਾਂ ’ਤੇ ਆਧਾਰਿਤ ਹੁੰਦੀਆਂ ਹਨ। ਭਾਰਤ ਵਿਚ ਕੰਟੈਂਟ ਸਿਨੇਮਾ ਦਾ ‘ਪੋਸਟਰ ਬੁਆਏ’ ਕਹੇ ਜਾਣ ਵਾਲੇ ਆਯੁਸ਼ਮਾਨ ਦੀ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ। ਉਹ ਅਨੁਭਵ ਸਿਨਹਾ ਦੀ ਅਗਲੀ ਫਿਲਮ ‘ਅਨੇਕ’ ਦੀ ਸ਼ੂਟਿੰਗ ਸ਼ਿਲਾਂਗ ਵਿਚ ਕਰ ਰਹੇ ਸਨ। ਇਸ ਦੌਰਾਨ ਸ਼ਹਿਰ ਦੇ ਲਗਭਗ 200 ਨੌਜਵਾਨ ਆਪਣੇ ਫੈਵਰੇਟ ਯੂਥ ਆਈਕਾਨ ਨੂੰ ਮਿਲਣ ਉਨ੍ਹਾਂ ਦੇ ਹੋਟਲ ਵਿਚ ਦਾਖਲ ਹੋ ਗਏ।

ਸ਼ਿਲਾਂਗ ਦੇ ਇਕ ਚਸ਼ਮਦੀਦ ਦਾ ਕਹਿਣਾ ਹੈ ਕਿ ਦਿਨ ਦੀ ਸ਼ੂਟਿੰਗ ਖਤਮ ਕਰਕੇ ਆਯੁਸ਼ਮਾਨ ਹੋਟਲ ਵਿਚ ਪਰਤੇ ਅਤੇ ਡਿਨਰ ਕਰਨ ਦੀ ਤਿਆਰੀ ਕਰਨ ਲੱਗੇ। 15 ਮਿੰਟ ਦੇ ਅੰਦਰ ਹੀ ਕਾਲਜ ਦੇ ਲਗਭਗ 200-250 ਨੌਜਵਾਨ ਹੋਟਲ ਵਿਚ ਜਮ੍ਹਾ ਹੋ ਗਏ ਅਤੇ ਆਯੁਸ਼ਮਾਨ ਨਾਲ ਮਿਲਣ ਦੀ ਗੁਜਾਰਿਸ਼ ਕਰਨ ਲੱਗੇ। ਆਯੁਸ਼ਮਾਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਅਜੇ ਪਹਿਲਾ ਨਿਵਾਲਾ ਮੂੰਹ ਵਿਚ ਪਾਇਆ ਹੀ ਸੀ ਪਰ ਇਹ ਸੁਣਦੇ ਹੀ ਉਹ ਖਾਣਾ ਛੱਡ ਕੇ ਇਨ੍ਹਾਂ ਨੌਜਵਾਨਾਂ ਨੂੰ ਮਿਲਣ ਲਾਬੀ ਵਿਚ ਜਾ ਪੁੱਜੇ। ਆਯੁਸ਼ਮਾਨ ਨੇ ਆਪਣੀ ਟੀਮ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਇੰਤਜਾਰ ਨਹੀਂ ਕਰਵਾਉਣਾ ਚਾਹੁੰਦੇ। ਆਯੁਸ਼ਮਾਨ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੂੰ ਇਸ ਸਟਾਰ ਦੀ ਗਰਮਜੋਸ਼ੀ ਅਤੇ ਇਹ ਅਦਾ ਇੰਨੀ ਪਸੰਦ ਆਈ ਕਿ ਉਹ ਉਨ੍ਹਾਂ ਦੇ ਨਾਮ ਦਾ ਨਾਰਾ ਲਗਾਉਣ ਲੱਗੇ। ਆਯੁਸ਼ਮਾਨ ਨੇ ਹਰ ਬੱਚੇ ਨਾਲ ਵਿਅਕਤੀਗਤ ਤੌਰ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।


cherry

Content Editor cherry