ਕੀ ਆਰੀਅਨ ਖ਼ਾਨ ਨੂੰ ਵਾਪਸ ਮਿਲੇਗਾ ਪਾਸਪੋਰਟ? ਅਦਾਲਤ ’ਚ ਐੱਨ. ਸੀ. ਬੀ. ਨੇ ਆਖੀ ਇਹ ਗੱਲ

07/13/2022 5:26:57 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਪਿਛਲੇ ਸਾਲ ਕਰੂਜ਼ ਡਰੱਗਸ ਮਾਮਲੇ ’ਚ ਫਸੇ। 2 ਅਕਤੂਬਰ, 2021 ਨੂੰ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। 28 ਦਿਨ ਉਹ ਜੇਲ ’ਚ ਰਹੇ। ਮਹੀਨਿਆਂ ਤਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਆਰੀਅਨ ਖ਼ਾਨ ਨੂੰ ਇਸ ਸਾਲ ਈਦ ਮੌਕੇ ਐੱਨ. ਸੀ. ਬੀ. ਨੇ ਕਲੀਨ ਚਿੱਟ ਦੇ ਦਿੱਤੀ।

ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਨੇ ਸਪੈਸ਼ਲ ਐੱਨ. ਡੀ. ਪੀ. ਐੱਸ. ਕੋਰਟ ’ਚ ਪਾਸਪੋਰਟ ਵਾਪਸ ਕਰਨ ਤੇ ਜ਼ਮਾਨਤ ਬਾਂਡ ਰੱਦ ਕਰਨ ਦੀ ਪਟੀਸ਼ਨ ਦਰਜ ਕਰਵਾਈ, ਜਿਸ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਅੱਜ ਇਸ ਮਾਮਲੇ ’ਚ ਫ਼ੈਸਲਾ ਆਉਣਾ ਹੈ।

ਆਰੀਅਨ ਖ਼ਾਨ ਦੇ ਪਾਸਪੋਰਟ ਵਾਪਸੀ ਦੀ ਪਟੀਸ਼ਨ ਤੋਂ ਬਾਅਦ ਕੋਰਟ ਨੇ ਐੱਨ. ਸੀ. ਬੀ. ਤੋਂ ਜਵਾਬ ਮੰਗਿਆ ਸੀ। ਸੁਣਵਾਈ ਦੌਰਾਨ ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਨੂੰ ਪਾਸਪੋਰਟ ਵਾਪਸ ਕੀਤੇ ਜਾਣ ’ਤੇ ਕੋਈ ਵਿਰੋਧ ਨਹੀਂ ਜਤਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’

ਵਕੀਲ ਅਦਵੈਤ ਸੇਠਨਾ, ਜੋ ਐੱਨ. ਸੀ. ਬੀ. ਵਲੋਂ ਪੇਸ਼ ਹੋਏ, ਉਨ੍ਹਾਂ ਨੇ ਕੋਰਟ ਨੂੰ 2 ਸਫਿਆਂ ਦਾ ਜਵਾਬ ਸੌਂਪਿਆ। ਐੱਨ. ਸੀ. ਬੀ. ਨੇ ਆਪਣੇ ਜਵਾਬ ’ਚ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਬਾਂਡ ਰੱਦ ਕਰਨ ਤੇ ਪਾਸਪੋਰਟ ਵਾਪਸ ਕਰਨ ’ਚ ਕੋਈ ਇਤਰਾਜ਼ ਨਹੀਂ ਹੈ ਪਰ ਐੱਨ. ਸੀ. ਬੀ. ਨੂੰ ਆਰਡਰ ’ਚ ਡਿਸਚਾਰਜ ਸ਼ਬਦ ਲਿਖੇ ਜਾਣ ਤੋਂ ਇਤਰਾਜ਼ ਹੈ।

ਆਰੀਅਨ ਖ਼ਾਨ ਵਲੋਂ ਵਕੀਲ ਅਮਿਤ ਦੇਸਾਈ ਨੇ ਕਿਹਾ, ‘‘ਜਦੋਂ ਕਿਸੇ ਦੋਸ਼ੀ ਨੂੰ ਕਾਰਵਾਈ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਜੋ ਵੀ ਹੁਕਮ ਪਾਸ ਕਰਨਾ ਹੁੰਦਾ ਹੈ, ਉਹ ਪਾਸ ਕੀਤਾ ਜਾ ਸਕਦਾ ਹੈ।’’ ਇਸ ਦੇ ਜਵਾਬ ’ਚ ਜੱਜ ਵੀ. ਬੀ. ਪਾਟਿਲ ਨੇ ਅਮਿਤ ਦੇਸਾਈ ਕੋਲੋਂ ਪੁੱਛਿਆ, ‘‘ਕੀ ਤੁਸੀਂ ਜ਼ਮਾਨਤ ਬਾਂਡ ਰੱਦ ਤੇ ਪਾਸਪੋਰਟ ਵਾਪਸ ਚਾਹੁੰਦੇ ਹੋ?’’ ਅਮਿਤ ਦੇਸਾਈ ਨੇ ਕਿਹਾ, ‘‘ਐੱਨ. ਸੀ. ਬੀ. ਦਾ ਜਵਾਬ ਸਾਫ ਹੈ। ਉਹ ਕਹਿੰਦੇ ਹਨ ਕਿ ਦੋਸ਼ੀ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਉਸ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ ਤੇ ਆਰੀਅਨ ਖ਼ਾਨ ਖ਼ਿਲਾਫ਼ ਕੋਈ ਜਾਂਚ ਹੁਣ ਹੋਣੀ ਬਾਕੀ ਨਹੀਂ ਹੈ।’’

ਅਦਵੈਤ ਸੇਠਨਾ ਨੇ ਕਿਹਾ ਕਿ ਆਰੀਅਨ ਖ਼ਾਨ ਦਾ ਪਾਸਪੋਰਟ ਕੋਰਟ ਦੀ ਕਸਟਡੀ ’ਚ ਹੈ, ਇਸ ਨੂੰ ਲੈ ਕੇ ਸਹੀ ਹੁਕਮ ਦਿੱਤਾ ਦਿੱਤਾ ਜਾਣਾ ਚਾਹੀਦਾ ਹੈ। ਜੱਜ ਪਾਟਿਲ ਜਲਦ ਇਸ ਮਾਮਲੇ ’ਚ ਹੁਕਮ ਦੇਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News