ਕੇ. ਆਰ. ਕੇ. ਖ਼ਿਲਾਫ਼ ਜਾਰੀ ਹੋਇਆ ਗ੍ਰਿਫ਼ਤਾਰੀ ਵਾਰੰਟ, ਮਨੋਜ ਬਾਜਪਾਈ ਨੂੰ ਕਿਹਾ ਸੀ ‘ਨਸ਼ੇੜੀ’

03/18/2023 12:46:32 PM

ਮੁੰਬਈ (ਬਿਊਰੋ)– ਇੰਦੌਰ ਜ਼ਿਲਾ ਅਦਾਲਤ ਨੇ ਫ਼ਿਲਮ ਨਿਰਮਾਤਾ-ਅਦਾਕਾਰ ਕਮਾਲ ਰਾਸ਼ਿਦ ਖ਼ਾਨ ਉਰਫ਼ ਕੇ. ਆਰ. ਕੇ. ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਨੇ ਕੇ. ਆਰ. ਕੇ. ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਅਦਾਲਤ ਨੇ ਕੇ. ਆਰ. ਕੇ. ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

ਇੰਦੌਰ ਦੇ ਜੁਡੀਸ਼ੀਅਲ ਮੈਜਿਸਟਰੇਟ (ਫਰਸਟ ਕਲਾਸ) ਨੇ ਵੀਰਵਾਰ ਨੂੰ ਵਾਰੰਟ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 10 ਮਈ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਦਾਲਤ ਨੇ ਸੁਣਵਾਈ ਦੌਰਾਨ ਹਾਜ਼ਰ ਨਾ ਹੋਣ ਕਾਰਨ ਖ਼ਾਨ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਮਨੋਜ ਦੇ ਵਕੀਲ ਦੀ ਤਰਫੋਂ ਅਰਜ਼ੀ ’ਚ ਕਿਹਾ ਗਿਆ ਸੀ ਕਿ ਖ਼ਾਨ ਨੂੰ ਆਪਣੇ ਵਿਰੁੱਧ ਚੱਲ ਰਹੇ ਕੇਸ ਦੀ ਜਾਣਕਾਰੀ ਹੈ ਪਰ ਉਹ ਇਸ ’ਚ ਦੇਰੀ ਕਰਨ ਦੇ ਇਰਾਦੇ ਨਾਲ ਸੁਣਵਾਈ ’ਚ ਹਾਜ਼ਰ ਨਹੀਂ ਹੁੰਦਾ। ਹਾਲਾਂਕਿ ਖ਼ਾਨ ਦੇ ਵਕੀਲ ਦੀ ਤਰਫੋਂ ਕਿਹਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ’ਤੇ ਰੋਕ ਲਗਾਈ ਜਾਵੇ ਕਿਉਂਕਿ ਮਾਮਲਾ ਹੁਣ ਸੁਪਰੀਮ ਕੋਰਟ ’ਚ ਪਹੁੰਚ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ

13 ਦਸੰਬਰ, 2022 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਮਾਲ ਖ਼ਾਨ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ’ਚ ਉਸ ਨੇ ਆਪਣੇ ਖ਼ਿਲਾਫ਼ ਮਾਨਹਾਨੀ ਦੇ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਕੇ. ਆਰ. ਕੇ. ਦੇ ਵਕੀਲ ਨੇ ਹਾਈ ਕੋਰਟ ’ਚ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਟਵਿਟਰ ਹੈਂਡਲ ਤੋਂ 2021 ’ਚ ਕੀਤੇ ਗਏ ਟਵੀਟ ’ਤੇ ਸਵਾਲ ਉਠਾਏ ਜਾ ਰਹੇ ਹਨ, ਉਨ੍ਹਾਂ ’ਚੋਂ ਇਕ ‘ਕੇ. ਆਰ. ਕੇ. ਬਾਕਸ ਆਫਿਸ’ ਅਕਤੂਬਰ 2020 ’ਚ ਸਲੀਮ ਅਹਿਮਦ ਨਾਮ ਦੇ ਵਿਅਕਤੀ ਨੂੰ ਵੇਚਿਆ ਗਿਆ ਹੈ। ਕੇ. ਆਰ. ਕੇ. ਦੇ ਵਕੀਲਾਂ ਨੇ ਕਿਹਾ ਸੀ ਕਿ ਉਸ ਨੇ ਕਦੇ ਵੀ ਮਨੋਜ ਖ਼ਿਲਾਫ਼ ਜਾਣਬੁਝ ਕੇ ਕੁਝ ਵੀ ਟਵੀਟ ਨਹੀਂ ਕੀਤਾ।

‘ਗੁਲਮੋਹਰ’ ਅਦਾਕਾਰ ਮਨੋਜ ਬਾਜਪਾਈ ਨੇ ਆਪਣੇ ਟਵੀਟ ਤੋਂ ਬਾਅਦ 2021 ’ਚ ਕੇ. ਆਰ. ਕੇ. ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਕੇ. ਆਰ. ਕੇ. ਨੇ ਆਪਣੇ ਟਵੀਟ ’ਚ ਮਨੋਜ ਨੂੰ ਆਪਣੀ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’ ਲਈ ਨਿਸ਼ਾਨਾ ਬਣਾਇਆ। ਉਸ ਨੇ ਕਿਹਾ ਸੀ ਕਿ ਉਸ ਨੂੰ ਮਨੋਜ ਦੇ ਸ਼ੋਅ ਦੀ ਕਹਾਣੀ ਕਾਮੇਡੀਅਨ ਸੁਨੀਲ ਪਾਲ ਤੋਂ ਪਤਾ ਲੱਗੀ, ਜਿਸ ’ਚ ਉਸ ਦੀ ਪਤਨੀ ਤੇ ਨਾਬਾਲਗ ਧੀ ਦੋਵੇਂ ਬੁਆਏਫ੍ਰੈਂਡ ਹਨ। ਕਹਾਣੀ ਦੀ ਅੱਗੇ ਆਲੋਚਨਾ ਕਰਦਿਆਂ ਕੇ. ਆਰ. ਕੇ. ਨੇ ਮਨੋਜ ਨੂੰ ‘ਨਸ਼ੇੜੀ’ ਲਿਖਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News