‘ਮੈਂ ਮਰ ਰਹੀ ਹਾਂ’, ਕਾਮੇਡੀਅਨ ਅਰਚਨਾ ਪੂਰਨ ਸਿੰਘ ਨੇ ਬਿਆਨ ਕੀਤਾ ਦਰਦ
Tuesday, Sep 27, 2022 - 10:59 AM (IST)
ਮੁੰਬਈ (ਬਿਊਰੋ)– ਅਰਚਨਾ ਪੂਰਨ ਸਿੰਘ ਐਂਟਰਟੇਨਮੈਂਟ ਇੰਡਸਟਰੀ ਦਾ ਇਕ ਵੱਡਾ ਨਾਂ ਹੈ। ਅਰਚਨਾ ਆਪਣੇ ਅਦਾਕਾਰੀ ਕਰੀਅਰ ’ਚ ਕਈ ਫ਼ਿਲਮਾਂ ਤੇ ਸੀਰੀਅਲਜ਼ ’ਚ ਸ਼ਾਨਦਾਰ ਕੰਮ ਕਰ ਚੁੱਕੀ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਅਰਚਨਾ ਨੂੰ ਕਾਫੀ ਪ੍ਰਸਿੱਧੀ ਮਿਲੀ ਹੈ ਪਰ ਫਿਰ ਵੀ ਅਰਚਨਾ ਪੂਰਨ ਸਿੰਘ ਨੂੰ ਅਜਿਹਾ ਲੱਗਦਾ ਹੈ ਕਿ ਉਸ ਨੂੰ ਕਰੀਅਰ ’ਚ ਜ਼ਿਆਦਾ ਮੌਕੇ ਨਹੀਂ ਮਿਲੇ ਹਨ। ਉਹ ਅਦਾਕਾਰਾ ਦੇ ਤੌਰ ’ਤੇ ਬਹੁਤ ਕੁਝ ਕਰਨਾ ਚਾਹੁੰਦੀ ਹੈ।
ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਅਰਚਨਾ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਅਰਚਨਾ ਨੇ ਕਿਹਾ, ‘‘ਉਸ ਦੀ ਇਕ ਸਾਲਿਡ ਇਮੇਜ ਬਣ ਗਈ ਹੈ। ਕਈ ਲੋਕਾਂ ਨੂੰ ਇੰਝ ਲੱਗਦਾ ਹੈ ਕਿ ‘ਕੁਛ ਕੁਛ ਹੋਤਾ ਹੈ’ ’ਚ ਮਿਸ ਬ੍ਰਿਗੇਂਜਾ ਤੋਂ ਬਾਅਦ ਉਨ੍ਹਾਂ ਨੂੰ ਮੈਨੂੰ ਕੀ ਆਫਰ ਕਰਨਾ ਚਾਹੀਦਾ ਹੈ। ‘ਕੁਛ ਕੁਛ ਹੋਤਾ ਹੈ’ ਨੂੰ ਰਿਲੀਜ਼ ਹੋਏ 25 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਹ ਕਿਰਦਾਰ ਅਜੇ ਵੀ ਮੇਰਾ ਪਿੱਛਾ ਕਰ ਰਿਹਾ ਹੈ।’’
ਅਦਾਕਾਰਾ ਨੇ ਅੱਗੇ ਕਿਹਾ, ‘‘ਕਈ ਲੋਕਾਂ ਨੂੰ ਇੰਝ ਵੀ ਲੱਗਦਾ ਹੈ ਕਿ ਮੇਰੇ ’ਤੇ ਸਿਰਫ ਕਾਮੇਡੀ ਰੋਲਸ ਠੀਕ ਲੱਗਦੇ ਹਨ। ਇਕ ਅਦਾਕਾਰਾ ਦੇ ਤੌਰ ’ਤੇ ਮੈਂ ਵਾਂਝੀ, ਠੱਗੀ ਹੋਈ ਮਹਿਸੂਸ ਕਰਦੀ ਹਾਂ ਤੇ ਮੈਂ ਚੰਗੇ ਕਿਰਦਾਰਾਂ ਲਈ ਤਰਸਦੀ ਰਹਿ ਗਈ।’’
ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’
ਅਰਚਨਾ ਨੇ ਅੱਗੇ ਕਿਹਾ, ‘‘ਲੋਕ ਕਹਿੰਦੇ ਸਨ ਕਿ ਜੇਕਰ ਤੁਹਾਨੂੰ ਇਕੋ ਜਿਹੇ ਰੋਲ ਮਿਲਦੇ ਹਨ ਤਾਂ ਤੁਸੀਂ ਲੱਕੀ ਹੋ ਕਿਉਂਕਿ ਲੋਕ ਤੁਹਾਨੂੰ ਦੇਖਣਾ ਚਾਹੁੰਦੇ ਹਨ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਇਹ ਇਕ ਅਦਾਕਾਰਾ ਦੀ ਮੌਤ ਹੈ। ਮੈਨੂੰ ਯਾਦ ਹੈ ਕਿ ਨੀਨਾ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਕੰਮ ਮੰਗਿਆ ਸੀ। ਮੈਨੂੰ ਲੱਗਦਾ ਹੈ ਕਿ ਮੈਂ ਵੀ ਇਸ ਮੌਕੇ ਨੂੰ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਤੋਂ ਕੰਮ ਮੰਗਣ ’ਚ ਵਰਤਾਂਗੀ।’’
ਅਰਚਨਾ ਨੇ ਕਿਹਾ, ‘‘ਇਕ ਕਲਾਕਾਰ ਦੇ ਤੌਰ ’ਤੇ ਮੈਂ ਪੇਸ਼ਕਾਰੀ ਕਰਨ ਲਈ ਮਰ ਰਹੀ ਹਾਂ। ਲੋਕਾਂ ਨੇ ਮੇਰੀ ਆਰਟ ਦਾ ਸਿਰਫ ਇਕ ਪਹਿਲੂ ਦੇਖਿਆ ਹੈ। ਮੇਰੀ ਇਕ ਸੀਰੀਅਸ ਸਾਈਡ ਵੀ ਹੈ। ਕਾਮੇਡੀ ਤੋਂ ਵੱਧ ਮੈਂ ਬਹੁਤ ਕੁਝ ਕਰ ਸਕਦੀ ਹਾਂ। ਮੈਂ ਰੋ ਵੀ ਸਕਦੀ ਹਾਂ ਤੇ ਰੁਲਾ ਵੀ ਸਕਦੀ ਹਾਂ। ਮੇਰੀ ਇਸ ਸਾਈਡ ਨੂੰ ਅਜੇ ਐਕਸਪਲੋਰ ਕਰਨਾ ਬਾਕੀ ਹੈ ਪਰ ਮੈਨੂੰ ਯਕੀਨ ਹੈ ਕਿ ਅਜਿਹਾ ਇਕ ਦਿਨ ਜ਼ਰੂਰ ਆਵੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।