ਟਿਕਟਾਕ ਬੈਨ ਹੋਣ 'ਤੇ ਬਾਲੀਵੁੱਡ ਹਸਤੀਆਂ ਨੇ ਰੱਖੀ ਆਪਣੀ ਰਾਇ

06/30/2020 3:46:30 PM

ਮੁੰਬਈ (ਬਿਊਰੋ) — ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਤੋਂ ਬਾਅਦ ਸੋਮਵਾਰ ਨੂੰ ਆਈ. ਟੀ. ਅਤੇ ਇਲੈਕਟ੍ਰੌਨਿਕਸ (ਬਿਜਲੀ ਵਿਭਾਗ) ਮੰਤਰਾਲੇ ਨੇ ਭਾਰਤ 'ਚ ਫੇਮਸ ਚੀਨ ਦੇ 59 ਐਪਸ 'ਤੇ ਬੈਨ ਲਾ ਦਿੱਤਾ। ਪਾਬੰਦੀਸ਼ੁਦਾ ਐਪ 'ਚ ਪ੍ਰਸਿੱਧ ਟਿਕਟਾਕ ਐਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ, ਹੈਲੋ ਐਪ ਵਰਗੇ ਕਈ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ। ਇਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ 'ਤੇ ਪਾਬੰਦੀ ਲਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ।

ਇਸ ਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਲੋਕ ਇਸ 'ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ। ਫ਼ਿਲਮ ਅਤੇ ਟੀ. ਵੀ. ਨਾਲ ਜੁੜੀਆਂ ਹਸਤੀਆਂ ਨੇ ਵੀ ਇਸ ਮੁੱਦੇ 'ਤੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਹੈ। 'ਥੱਪੜ' ਅਤੇ 'ਆਰਟੀਕਲ-15' ਵਰਗੀਆਂ ਫ਼ਿਲਮਾਂ ਡਾਇਰੈਕਟ ਕਰਨ ਵਾਲੇ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਤਾਂ ਚੀਨੀ ਭਾਸ਼ਾ 'ਚ ਟਵੀਟ ਕਰਕੇ ਸਿਰਫ਼ ਚਾਰ ਸ਼ਬਦ ਲਿਖੇ ਹਨ 'ਮਾਸਟਰ ਸਟਰੋਕ ਲੱਗਦਾ ਹੈ'।

ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਨੇ ਵੀਡੀਓ ਸਾਂਝਾ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੋਲਿੰਗ ਛੱਡਕੇ ਇਸ ਸਮੇਂ ਦੇਸ਼ ਨੂੰ ਸਪੋਰਟ ਕਰਨ।

ਟੀ. ਵੀ. ਅਦਾਕਾਰਾ ਕਾਮਿਆ ਪੰਜਾਬੀ ਨੇ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ 'ਬਹੁਤ ਵਧੀਆ ਪੀ. ਐੱਮ. ਨਰਿੰਦਰ ਮੋਦੀ, ਬਹੁਤ ਵਧੀਆ ਖ਼ਬਰ ਹੈ #BoycottChineseProducts #BoycottChineseApps।'

ਅਦਾਕਾਰ ਵਿਕਾਸ ਕਲੰਤਰੀ ਨੇ ਕਿਹਾ 'ਆਖਿਰਕਾਰ ਟਿਕਟਾਕ ਭਾਰਤ ਸਰਕਾਰ ਨੇ ਬੈਨ ਕਰ ਹੀ ਦਿੱਤਾ, ਬਹੁਤ ਸਹੀ।'

ਅਦਾਕਾਰਾ ਨਿਆ ਸ਼ਰਮਾ ਨੇ ਲਿਖਿਆ 'ਸਾਡੇ ਦੇਸ਼ ਨੂੰ ਬਚਾਉਣ ਲਈ ਥੈਂਕਿਊ, ਟਿਕਟਾਕ ਨਾਂ ਦੇ ਵਾਇਰਸ ਨੂੰ ਦੁਬਾਰਾ ਕਦੇ ਇਜਾਜ਼ਤ ਨਹੀਂ ਮਿਲਣੀ ਚਾਹੀਦੀ।' ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।


sunita

Content Editor

Related News