ਗਾਇਕ ਸ਼ੁੱਭ ਦੇ ਹੱਕ ''ਚ ਆਏ ਏਪੀ ਢਿੱਲੋਂ, ਤਲਖ ਲਹਿਜ਼ੇ ''ਚ ਵਿਰੋਧੀਆਂ ਨੂੰ ਕਹੀਆਂ ਵੱਡੀਆਂ ਗੱਲਾਂ

Friday, Sep 22, 2023 - 04:35 PM (IST)

ਗਾਇਕ ਸ਼ੁੱਭ ਦੇ ਹੱਕ ''ਚ ਆਏ ਏਪੀ ਢਿੱਲੋਂ, ਤਲਖ ਲਹਿਜ਼ੇ ''ਚ ਵਿਰੋਧੀਆਂ ਨੂੰ ਕਹੀਆਂ ਵੱਡੀਆਂ ਗੱਲਾਂ

ਐਂਟਰਟੇਨਮੈਂਟ ਡੈਸਕ – ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ।  ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ ’ਚ ਗਾਇਕ ਦੇ ਵਿਰੋਧ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ। ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਦੇ ਹੱਕ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ 'ਚ ਆਏ ਹਨ ਅਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ। ਕਰਨ ਔਜਲਾ, ਗੈਰੀ ਸੰਧੂ ਤੇ ਸਿੱਧੂ ਤੋਂ ਬਾਅਦ ਹੁਣ ਏਪੀ ਢਿੱਲੋਂ ਨੇ ਵੀ ਸ਼ੁੱਭ ਦਾ ਸਾਥ ਦਿੱਤਾ ਹੈ।

ਹਾਲ ਹੀ 'ਚ ਏਪੀ ਢਿੱਲੋਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮੈਂ ਸੋਸ਼ਲ ਮੀਡੀਆ ਦੇ ਡਰਾਮੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਤੁਹਾਡੇ ਮੂੰਹ 'ਚੋਂ ਨਿਕਲੀ ਇੱਕ ਵੀ ਗੱਲ ਨੂੰ ਕਿਹੜੇ ਸਮੇਂ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇਗਾ ਇਹ ਕਿਸੇ ਨੂੰ ਨਹੀਂ ਪਤਾ। ਇੱਥੇ ਹਰ ਕੋਈ ਤੁਹਾਡੇ ਵਿਚਾਰਾਂ ਨੂੰ ਆਪੋ ਆਪਣੇ ਨਜ਼ਰੀਏ ਨਾਲ ਵੇਖੇਗਾ ਤੇ ਫਿਰ ਤੁਹਾਨੂੰ ਜੱਜ ਕਰੇਗਾ। ਕਲਾਕਾਰ ਹੋਣ ਦੇ ਨਾਅਤੇ ਹੁਣ ਆਪਣੇ ਟੀਚੇ ਵੱਲ ਕੇਂਦਰਿਤ ਰਹਿਣਾ ਤੇ ਆਪਣੀ ਮਨਪਸੰਦ ਚੀਜ਼ ਕਰਨਾ ਬਹੁਤ ਔਖਾ ਹੋ ਗਿਆ ਹੈ। ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੋ ਮੈਂ ਕਰ ਰਿਹਾ ਹਾਂ, ਜਾਂ ਕਹਿ ਰਿਹਾ ਹਾਂ, ਉਹ ਕਿਤੇ ਕਿਸੇ ਨੂੰ ਸੱਟ ਨਾ ਪਹੁੰਚਾ ਦੇਵੇ ਪਰ ਇਸ ਦੇ ਬਾਵਜੂਦ ਵੀ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਸਾਡੇ ਕਾਰਨ ਵਿਵਾਦ ਨਾ ਖੜ੍ਹਾ ਹੋ ਜਾਵੇ। ਅਸੀਂ ਕਲਾਕਾਰ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ, ਸਾਡੇ ਲਈ ਧਰਮ, ਜਾਤ ਰੰਗ ਰੂਪ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ।'' ਇਸ ਤੋਂ ਇਲਾਵਾ ਏਪੀ ਢਿੱਲੋਂ ਨੇ ਲਿਖਿਆ, 'ਪਿਆਰ ਫੈਲਾਓ, ਨਫ਼ਰਤ ਨਹੀਂ। ਚੱਲੋ ਦੁਬਾਰਾ ਫਿਰ ਤੋਂ ਇਸ ਬਾਰੇ ਸੋਚੀਏ ਤੇ ਸਿਰਫ਼ ਪਿਆਰ ਵੰਡਣ ਦੀ ਗੱਲ ਕਰੀਏ। ਅਸੀਂ ਸਭ ਇੱਕ ਹਾਂ।'

PunjabKesari


ਮੂਸੇਵਾਲਾ ਦੇ ਅਕਾਊਂਟ ਤੋਂ ਸ਼ੁੱਭ ਦੇ ਹੱਕ 'ਚ ਪਾਈ ਪੋਸਟ
ਹਾਲ ਹੀ 'ਚ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜੋ ਕਿ ਸ਼ੁੱਭ ਦੇ ਹੱਕ 'ਚ ਹੈ। ਸਿੱਧੂ ਦੇ ਇੰਸਟਾ ਸਟੋਰੀ 'ਚ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਲਿਖਿਆ ਹੈ, ''ਪਿਛਲੇ ਕੁੱਝ ਹਫ਼ਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਬਹੁਤ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ 'ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜ਼ਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ 'ਤੇ ਸਿਆਸੀ ਤਾਕਤਾਂ ਦੀ ਸ਼ਹਿ 'ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਕਲਾਕਾਰਾਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿੱਧੂ ਨਾਲ ਵੀ ਇਹੀ ਕੁਝ ਹੋਇਆ ਸੀ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ 'ਤੇ ਅੱਤਵਾਦੀ ਹੋਣ ਦਾ ਟੈਗ ਲਗਾ ਦਿੱਤਾ ਗਿਆ, ਉਹ ਵੀ ਬਿਨਾਂ ਕਿਸੇ ਸਬੂਤ ਦੇ।'' 

PunjabKesari

ਪੋਸਟ 'ਚ ਅੱਗੇ ਲਿਖਿਆ, ''ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁੱਭ ਨਾਲ ਵੀ ਉਹੀ ਕੁਝ ਵਾਪਰ ਰਿਹਾ ਹੈ। ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ 'ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਕਲਾਕਾਰਾਂ ਨਾਲ ਹੀ ਕਿਉਂ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਹੋ ਰਹੀਆਂ ਹਨ? ਜਦੋਂਕਿ ਮਿਊਜ਼ਿਕ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ। ਅਸੀਂ ਸਿੱਧੂ ਨੂੰ ਵੀ ਇਸੇ ਨਫ਼ਰਤ ਦੇ ਚਲਦਿਆਂ ਹਮੇਸ਼ਾ ਲਈ ਗੁਆ ਦਿੱਤਾ। ਆਖਰ ਇਹ ਸਭ ਕਦੋਂ ਖ਼ਤਮ ਹੋਵੇਗਾ? ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅੱਤਵਾਦੀ ਕਿਵੇਂ ਬਣ ਸਕਦਾ ਹੈ? ਅਤੇ ਜਿਹੜੇ ਕਲਾਕਾਰ ਅਜਿਹੇ ਦੌਰ 'ਚ ਆਪਣੇ ਸਾਥੀਆਂ ਨਾਲ ਖੜ੍ਹੇ ਨਹੀਂ ਹੋ ਸਕਦੇ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ? ਹੁਣ ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨਿਊਜ਼ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ, ਜਿਹੜੇ ਆਪਣੇ ਫ਼ਾਈਦਿਆਂ ਲਈ ਇਸ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ।'' ਇਸ ਦੇ ਨਾਲ ਹੀ ਅਗਲੀ ਸਲਾਈਡ 'ਤੇ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਹੇਠਾਂ ਲਿਖਿਆ ਗਿਆ ਹੈ, ''@Shubworldwide।''

PunjabKesari

ਵਿਵਾਦ ਵਧਣ ਮਗਰੋਂ ਸ਼ੁੱਭ ਦਾ ਪਹਿਲਾ ਬਿਆਨ 
ਉਥੇ ਹੀ India Tour ਰੱਦ ਹੋਣ ਮਗਰੋਂ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ੁੱਭ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਇਸ ਦੌਰੇ ਲਈ ਕਾਫ਼ੀ ਉਤਸ਼ਾਹਤ ਸੀ ਪਰ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੇ ਉਸ ਦੀ ਮਿਹਨਤ ਨੂੰ ਢਾਹ ਲਗਾ ਦਿੱਤੀ ਹੈ। ਸ਼ੁੱਭ ਨੇ ਇਹ ਵੀ ਕਿਹਾ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ। ਸ਼ੁੱਭ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪੰਜਾਬ, ਭਾਰਤ ਦੇ ਇਕ ਨੌਜਵਾਨ ਰੈਪਰ-ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ 'ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਫ਼ਨਾ ਸੀ ਪਰ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਢਾਹ ਲਾਈ ਹੈ, ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਸੀ। ਮੈਂ ਭਾਰਤ 'ਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ 'ਚ, ਆਪਣੇ ਲੋਕਾਂ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਦਿਲ ਅਤੇ ਆਤਮਾ ਨਾਲ ਅਭਿਆਸ ਕਰ ਰਿਹਾ ਸੀ। ਮੈਂ ਬਹੁਤ ਉਤਸ਼ਾਹਿਤ, ਖੁਸ਼ ਅਤੇ ਪ੍ਰਦਰਸ਼ਨ ਕਰਨ ਲਈ ਤਿਆਰ ਸੀ ਪਰ ਕਿਸਮਤ ਦੀਆਂ ਕੁਝ ਹੋਰ ਹੀ ਯੋਜਨਾਵਾਂ ਸਨ।"

PunjabKesari
 


author

sunita

Content Editor

Related News