ਅਨੁਪਮ ਖੇਰ ਨੇ ਫਿਲਮ ''ਖੋਸਲਾ ਕਾ ਘੋਸਲਾ 2'' ਦੀ ਸ਼ੂਟਿੰਗ ਸ਼ੁਰੂ, ਬੋਮਨ ਇਰਾਨੀ ਨਾਲ ਦਿੱਲੀ ਏਅਰਪੋਰਟ ''ਤੇ ਕੀਤੀ ਮਸਤੀ
Wednesday, Feb 04, 2026 - 11:22 AM (IST)
ਮੁੰਬਈ - ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਆਪਣੀ ਅਦਾਕਾਰੀ ਦੇ ਸਫਰ 'ਚ ਇਕ ਹੋਰ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਆਪਣੀ 550ਵੀਂ ਫਿਲਮ ‘ਖੋਸਲਾ ਕਾ ਘੋਸਲਾ 2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਦਿੱਲੀ ਏਅਰਪੋਰਟ ਤੋਂ ਆਪਣੇ ਸਾਥੀ ਅਦਾਕਾਰ ਬੋਮਨ ਇਰਾਨੀ ਨਾਲ ਕੁਝ ਦਿਲਚਸਪ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਏਅਰਪੋਰਟ 'ਤੇ ਖੁਸ਼ਨੁਮਾ ਪਲ
ਅਨੁਪਮ ਖੇਰ ਅਤੇ ਬੋਮਨ ਇਰਾਨੀ ਇਸ ਸਮੇਂ ਨਵੀਂ ਦਿੱਲੀ 'ਚ ਫਿਲਮ ਦੇ ਦੂਜੇ ਹਿੱਸੇ ਦੀ ਸ਼ੂਟਿੰਗ ਕਰ ਰਹੇ ਹਨ। ਦਿੱਲੀ ਦੇ ਟਰਮੀਨਲ 3 ਤੋਂ ਤਸਵੀਰਾਂ ਸਾਂਝੀਆਂ ਕਰਦਿਆਂ ਅਨੁਪਮ ਖੇਰ ਨੇ ਮਜ਼ਾਕੀਆ ਅੰਦਾਜ਼ 'ਚ ਆਪਣੇ ਆਪ ਨੂੰ ਅਤੇ ਬੋਮਨ ਇਰਾਨੀ ਨੂੰ 'ਹੈਂਡਸਮ' ਦੱਸਿਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, “ਅਸੀਂ ਹੈਂਡਸਮ ਹਾਂ! ਕੋਈ ਕਿੰਤੂ-ਪਰੰਤੂ ਨਹੀਂ। ਜੈ ਹੋ!”। ਤਸਵੀਰਾਂ 'ਚ ਦੋਵੇਂ ਕਲਾਕਾਰ ਕੈਮਰੇ ਲਈ ਪੋਜ਼ ਦਿੰਦੇ ਅਤੇ ਏਅਰਪੋਰਟ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
'ਮੈਰਾਥਨ ਮੈਨ' ਦਾ 550 ਫਿਲਮਾਂ ਦਾ ਸਫਰ
ਆਪਣੇ ਲੰਬੇ ਫਿਲਮੀ ਸਫਰ ਨੂੰ ਯਾਦ ਕਰਦਿਆਂ ਅਨੁਪਮ ਖੇਰ ਨੇ ਦੱਸਿਆ ਕਿ ਪਿਛਲੇ ਸਾਲ ਕਾਨਸ ਫਿਲਮ ਫੈਸਟੀਵਲ ਦੌਰਾਨ ਇਕ ਅੰਤਰਰਾਸ਼ਟਰੀ ਨਿਰਦੇਸ਼ਕ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦਾ 'ਮੈਰਾਥਨ ਮੈਨ' ਕਿਹਾ ਸੀ। ਅਨੁਪਮ ਖੇਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ 3 ਜੂਨ 1981 ਨੂੰ ਸੁਪਨਿਆਂ ਦੇ ਸ਼ਹਿਰ ਮੁੰਬਈ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ 550 ਫਿਲਮਾਂ ਦੇ ਇਸ ਵੱਡੇ ਅੰਕੜੇ ਤੱਕ ਪਹੁੰਚਣਗੇ। ਉਨ੍ਹਾਂ ਮੁਤਾਬਕ, ਇਹ ਸਿਰਫ ਉਨ੍ਹਾਂ ਦੇ ਕਰੀਅਰ ਦਾ 'ਇੰਟਰਵਲ' (ਅੱਧ) ਹੈ ਅਤੇ ਉਨ੍ਹਾਂ 'ਚ ਅਜੇ ਬਹੁਤ ਅਦਾਕਾਰੀ ਬਾਕੀ ਹੈ।
ਨੈਸ਼ਨਲ ਐਵਾਰਡ ਜੇਤੂ ਫਿਲਮ ਦਾ ਸੀਕਵਲ
ਜ਼ਿਕਰਯੋਗ ਹੈ ਕਿ ‘ਖੋਸਲਾ ਕਾ ਘੋਸਲਾ’ ਸਾਲ 2006 'ਚ ਰਿਲੀਜ਼ ਹੋਈ ਸੀ, ਜਿਸ ਨੇ 54ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿਚ ਸਰਵੋਤਮ ਹਿੰਦੀ ਫਿਲਮ ਦਾ ਖਿਤਾਬ ਜਿੱਤਿਆ ਸੀ। ਇਸ ਦੇ ਸੀਕਵਲ ਵਿਚ ਅਨੁਪਮ ਖੇਰ ਅਤੇ ਬੋਮਨ ਇਰਾਨੀ ਦੇ ਨਾਲ ਰਣਵੀਰ ਸ਼ੋਰੀ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਇਹ ਫਿਲਮ ਇਕ ਮੱਧਵਰਗੀ ਦਿੱਲੀ ਵਾਸੀ ਕਮਲ ਕਿਸ਼ੋਰ ਖੋਸਲਾ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ, ਜੋ ਇਕ ਬਿਲਡਰ ਤੋਂ ਆਪਣੀ ਜ਼ਮੀਨ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹਨ।
ਸਫਲਤਾ ਦਾ ਰਾਜ਼
ਅਨੁਪਮ ਖੇਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਸਕਾਰਾਤਮਕ ਸੋਚ, ਕਦੇ ਹਾਰ ਨਾ ਮੰਨਣ ਵਾਲੇ ਰਵੱਈਏ ਅਤੇ ਸਖ਼ਤ ਮਿਹਨਤ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦਿਲ 'ਚ ਸ਼ੁਕਰਗੁਜ਼ਾਰੀ ਦੀ ਭਾਵਨਾ ਲੈ ਕੇ ਇਸ ਨਵੀਂ ਫਿਲਮ ਦੀ ਸ਼ੁਰੂਆਤ ਕਰ ਰਹੇ ਹਨ।
