ਅਨੁਪਮ ਖੇਰ ਦਾ ਵਿਵਾਦਤ ਟਵੀਟ, ਰਾਜਾ ਵੜਿੰਗ ਤੇ ਬਿੱਟੂ ਨੇ ਦੱਸਿਆ 'ਆਰ. ਐਸ. ਐਸ. ਦੀ ਸਾਜ਼ਿਸ਼'
Thursday, Jul 02, 2020 - 01:30 PM (IST)
ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇੱਕ ਵਾਰ ਫ਼ਿਰ ਵਿਵਾਦ ਨੂੰ ਸਹੇੜ ਲਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦਰਅਸਲ, ਅਨੁਪਮ ਖੇਰ ਨੇ ਇੱਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਲਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ। ਉਨ੍ਹਾਂ ਲਿਖਿਆ 'ਸਵਾ ਲਾਖ ਸੇ ਏਕ ਭਿੜਾ ਦੂੰ'। ਇਹ ਟਵੀਟ ਉਨ੍ਹਾਂ ਨੇ ਸਾਂਬਿਤ ਸਵਰਾਜ ਨੂੰ ਟੈਗ ਕੀਤਾ ਹੈ।
ਅਨੁਪਮ ਦੇ ਇਹ ਟਵੀਟ ਕਰਨ ਤੋਂ ਬਾਅਦ ਉਹ ਖ਼ੁਦ ਹੀ ਆਪਣੇ ਟਵੀਟ 'ਚ ਉਲਝ ਕੇ ਰਹਿ ਗਏ। ਸਿੱਖ ਇਸ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਗਰਮ ਹੋ ਗਈ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ 'ਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਰਾਜਾ ਵੜਿੰਗ ਨੇ ਲਿਖਿਆ ਕਿ 'ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ? ਇਹ ਕੋਈ ਤੁਹਾਡੀ ਫ਼ਿਲਮ ਦਾ ਡਾਇਲਾਗ ਨਹੀਂ ਹੈ। ਉਨ੍ਹਾਂ ਪੰਜਾਬ ਪੁਲਸ ਅਤੇ ਮੁੰਬਈ ਪੁਲਸ ਨੂੰ ਅਪੀਲ ਕੀਤੀ ਕਿ ਅਨੁਪਮ ਖੇਰ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਖੇਰ ਇਹ ਟਵੀਟ ਤੁਰੰਤ ਡਿਲੀਟ ਕਰਨ ਅਤੇ ਇਸ ਗਲਤੀ ਲਈ ਮੁਆਫ਼ੀ ਮੰਗਣ।
How dare @AnupamPKher use sacred words of Guru Gobind Singh ji to describe the spokesperson of BJP. It spoils the martial image of Sikhs. It is a bid of RSS to dilute strong tenets of Sikhism. PM Modi should tender immediate apology and kick out Kher and his wife from bjp. pic.twitter.com/VGSt4v3gPa
— Ravneet Singh Bittu (@RavneetBittu) July 2, 2020
ਉਥੇ ਹੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ 'ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ਨੂੰ ਕਿਵੇਂ ਭਾਜਪਾ ਦੇ ਬੁਲਾਰੇ ਲਈ ਇਸਤੇਮਾਲ ਕਰ ਸਕਦੇ ਨੇ। ਇਹ ਆਰ. ਐੱਸ. ਐੱਸ. ਦੀ ਸਿੱਖਾਂ ਦੇ ਤਾਕਤਵਰ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਇਸ 'ਤੇ ਮੁਆਫ਼ੀ ਮੰਗਵਾਉਣੀ ਚਾਹੀਦੀ ਹੈ ਅਤੇ ਅਨੁਪਮ ਖੇਰ ਅਤੇ ਉਸ ਦੀ ਪਤਨੀ ਨੂੰ ਭਾਜਪਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।' ਫਿਲਹਾਲ ਅਨੁਪਮ ਖੇਰ ਦੇ ਇਸ ਟਵੀਟ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ।