ਅੰਕਿਤਾ ਲੋਖੰਡੇ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਸਭ ਤੋਂ ਦਰਦਨਾਕ ਦੌਰ, ਕਿਹਾ- "2016 ਨੇ ਮੈਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ"
Tuesday, Jan 20, 2026 - 08:51 AM (IST)
ਮੁੰਬਈ - ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ '2026 ਇਜ਼ ਦ ਨਿਊ 2016' ਟ੍ਰੈਂਡ ਵਿਚ ਸ਼ਾਮਲ ਹੁੰਦੇ ਹੋਏ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮੇਂ ਨੂੰ ਯਾਦ ਕੀਤਾ ਹੈ। ਅੰਕਿਤਾ ਨੇ ਸਾਲ 2016 ਨੂੰ ਆਪਣੀ ਜ਼ਿੰਦਗੀ ਦਾ ਅਜਿਹਾ ਦੌਰ ਦੱਸਿਆ ਜਿਸ ਨੇ ਉਸ ਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਅਤੇ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਸੀ।

ਸੁਸ਼ਾਂਤ ਸਿੰਘ ਰਾਜਪੂਤ ਨਾਲ ਬ੍ਰੇਕਅੱਪ ਵੱਲ ਇਸ਼ਾਰਾ
ਹਾਲਾਂਕਿ ਅੰਕਿਤਾ ਨੇ ਆਪਣੀ ਪੋਸਟ ਵਿਚ ਕਿਸੇ ਦਾ ਨਾਂ ਸਪੱਸ਼ਟ ਤੌਰ 'ਤੇ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋਏ ਆਪਣੇ ਬ੍ਰੇਕਅੱਪ ਵੱਲ ਇਸ਼ਾਰਾ ਕਰ ਰਹੀ ਸੀ। ਦੱਸਣਯੋਗ ਹੈ ਕਿ ਸਾਲ 2016 ਵਿਚ ਹੀ ਅੰਕਿਤਾ ਅਤੇ ਸੁਸ਼ਾਂਤ ਕਈ ਸਾਲਾਂ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਵੱਖ ਹੋ ਗਏ ਸਨ। ਇਨ੍ਹਾਂ ਦੋਵਾਂ ਦੀ ਮੁਲਾਕਾਤ ਪ੍ਰਸਿੱਧ ਟੀਵੀ ਸ਼ੋਅ 'ਪਵਿੱਤਰ ਰਿਸ਼ਤਾ' ਦੇ ਸੈੱਟ 'ਤੇ ਹੋਈ ਸੀ, ਜਿੱਥੇ ਉਹ ਮੁੱਖ ਭੂਮਿਕਾਵਾਂ ਵਿਚ ਸਨ।

ਮੁਸ਼ਕਲ ਸਮੇਂ ਵਿਚ ਪਾਲਤੂ ਕੁੱਤਾ 'ਸਕੌਚ' ਬਣਿਆ ਸਹਾਰਾ
ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਅੰਕਿਤਾ ਨੇ ਦੱਸਿਆ ਕਿ ਉਸ ਔਖੇ ਸਮੇਂ ਵਿਚ ਉਸ ਦਾ ਪਾਲਤੂ ਕੁੱਤਾ 'ਸਕੌਚ' ਉਸ ਦਾ ਸਭ ਤੋਂ ਵੱਡਾ ਸਹਾਰਾ ਸੀ। ਉਸ ਨੇ ਲਿਖਿਆ ਕਿ ਹਰ ਚੁੱਪ ਟੁੱਟਣ ਅਤੇ ਹਰ ਹੰਝੂ ਵੇਲੇ ਸਕੌਚ ਉਸ ਦੇ ਨਾਲ ਸੀ ਅਤੇ ਉਸ ਨੇ ਹੀ ਅੰਕਿਤਾ ਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ।
ਅੱਜ ਮਹਿਸੂਸ ਕਰਦੀ ਹੈ ਮਾਣ
ਅੰਕਿਤਾ ਨੇ ਇੰਸਟਾਗ੍ਰਾਮ 'ਤੇ ਭਾਵੁਕ ਹੁੰਦਿਆਂ ਲਿਖਿਆ ਕਿ ਅੱਜ ਉਹ ਬਹੁਤ ਸ਼ੁਕਰਗੁਜ਼ਾਰ ਅਤੇ ਮਾਣ ਮਹਿਸੂਸ ਕਰਦੀ ਹੈ ਕਿ ਉਹ ਉਸ ਮੁਸ਼ਕਲ ਦੌਰ ਵਿੱਚੋਂ ਨਿਕਲ ਕੇ ਇੰਨੀ ਅੱਗੇ ਆ ਗਈ ਹੈ। ਅੰਕਿਤਾ ਨੇ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਇੱਕ 'ਫੈਮਿਲੀ ਗਰਲ' ਰਹੀ ਹੈ।
ਯਾਦ ਰਹੇ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਮੁੰਬਈ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ ਸਨ, ਜਿਸ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੰਕਿਤਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੀ ਰਹਿੰਦੀ ਹੈ।
