ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਦੁਨੀਆ ਭਰ ’ਚ ਹਾਊਸਫੁੱਲ

Tuesday, Aug 17, 2021 - 11:48 AM (IST)

ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਦੁਨੀਆ ਭਰ ’ਚ ਹਾਊਸਫੁੱਲ

ਚੰਡੀਗੜ੍ਹ (ਬਿਊਰੋ) – ਡੇਢ ਸਾਲ ਦੀ ਉਡੀਕ ਤੋਂ ਬਾਅਦ 12 ਅਗਸਤ ਨੂੰ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਪੁਆੜਾ’ ਦਾ ਦਰਸ਼ਕ ਸਿਨੇਮਾਘਰਾਂ ’ਚ ਆਨੰਦ ਮਾਣ ਰਹੇ ਹਨ। ਘੱਟ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੇ ਬਾਵਜੂਦ ਇਸ ਫ਼ਿਲਮ ਨੇ ਪਹਿਲੇ ਦੋ ਦਿਨਾਂ ’ਚ ਦੁਨੀਆ ਭਰ ’ਚ 2.80 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਤੀਜੇ ਦਿਨ ਲਗਭਗ 2 ਕਰੋੜ ਰੁਪਏ ਕਮਾਏ। ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਸਮੀਖਿਅਕਾਂ ਨੇ ਵੀ ਫ਼ਿਲਮ ਨੂੰ ਸਰਾਹਿਆ ਹੈ ਤੇ 5 ’ਚੋਂ 4 ਸਟਾਰ ਦੀ ਰੇਟਿੰਗ ਦਿੱਤੀ ਹੈ। ਐਮੀ ਵਿਰਕ ਇਸ ਪ੍ਰਤੀਕਿਰਿਆ ਤੋਂ ਬੇਹੱਦ ਖੁਸ਼ ਹਨ, ਉਹ ਕਹਿੰਦੇ ਹਨ, ‘ਦਰਸ਼ਕਾਂ ਦਾ ਸਿਨੇਮਾਘਰਾਂ ’ਚ ਵਾਪਸ ਆਉਣਾ ਇਕ ਬਹੁਤ ਚੰਗਾ ਅਹਿਸਾਸ ਹੈ ਤੇ ਇਸ ਨਾਲ ਵੀ ਵੱਡੀ ਭਾਵਨਾ ਇਹ ਜਾਣਨਾ ਹੈ ਕਿ ਉਹ ਸਾਰੇ ਸਾਡੀ ਫ਼ਿਲਮ ਨੂੰ ਪਸੰਦ ਕਰ ਰਹੇ ਹਨ।’

PunjabKesari

ਦੱਸ ਦਈਏ ਕਿ ‘ਪੁਆੜਾ’ ਨੂੰ ਪਰਿਵਾਰਕ ਮਨੋਰੰਜਨ ਦੇ ਰੂਪ ’ਚ ਸਰਾਹਿਆ ਜਾ ਰਿਹਾ ਹੈ। ਕੁਝ ਦਰਸ਼ਕ ਤਾਂ ਇਸ ਨੂੰ ਦੇਖਣਾ ਮਿਸ ਨਹੀਂ ਕਰਨਾ ਚਾਹੁੰਦੇ ਹਨ। ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖ ਕੇ ਸੋਨਮ ਬਾਜਵਾ ਕਹਿੰਦੀ ਹੈ ਕਿ ਇਹ ਸਭ ਤੋਂ ਮਨੋਰੰਜਕ ਫ਼ਿਲਮਾਂ ’ਚੋਂ ਇਕ ਹੈ, ਜਿਸ ਦਾ ਮੈਂ ਹਿੱਸਾ ਰਹੀ ਹਾਂ। ਮੈਂ ਖ਼ੁਦ ਆਪਣਾ ਹਾਸਾ ਨਹੀਂ ਰੋਕ ਸਕੀ ਤਾਂ ਮੈਂ ਅੰਦਾਜ਼ਾ ਲਗਾ ਸਕਦੀ ਹਾਂ ਕਿ ਦਰਸ਼ਕ ਇਸ ਨੂੰ ਦੇਖਦੇ ਸਮੇਂ ਕਿੰਨੇ ਹੱਸ-ਹੱਸ ਕੇ ਲੋਟ-ਪੋਟ ਹੋਏ ਹੋਣਗੇ ਤੇ ਫ਼ਿਲਮ ਦਾ ਆਨੰਦ ਲੈ ਰਹੇ ਹਨ।’ ਫ਼ਿਲਮ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਤਾਲਾਬੰਦੀ ਕਾਰਨ ਬੰਦ ਹੋਏ ਸਿਨੇਮਾਘਰ ਜਲਦ ਹੀ ਫ਼ਿਲਮ ਨੂੰ ਦਿਖਾਉਣ ਲਈ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਾਰੇ ਸਿਨੇਮਾਘਰਾਂ ਦੇ ਸ਼ੋਅਜ਼ ’ਚ ਰੋਜ਼ਾਨਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਐਮੀ ਕਹਿੰਦੇ ਹਨ, ‘ਸਕ੍ਰੀਨ ’ਤੇ ਫ਼ਿਲਮਾਂ ਨੂੰ ਦੇਖਣ ਦੀ ਮੰਗ ਇੰਨੀ ਵੱਧ ਹੈ ਕਿ ਸਾਡੇ ਨਿਰਮਾਤਾ 24 ਘੰਟੇ ਕੰਮ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਸਾਰੇ ਸਿਨੇਮਾਘਰ ਜਲਦ ਤੋਂ ਜਲਦ ਖੁੱਲ੍ਹਣ ਤਾਂ ਜੋ ਹਰ ਕੋਈ ਵੱਡੇ ਪਰਦੇ ’ਤੇ ਫ਼ਿਲਮ ਦਾ ਆਨੰਦ ਮਾਣ ਸਕੇ।’

PunjabKesari

ਦੱਸਣਯੋਗ ਹੈ ਕਿ ਇਹ ਐਮੀ ਤੇ ਸੋਨਮ ਦੀ ਚੌਥੀ ਫ਼ਿਲਮ ਹੈ ਤੇ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਮਿਲ ਰਹੇ ਪਿਆਰ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਹਿੱਟ ਜੋੜੀ ਦਿਨ ਪ੍ਰਤੀ ਦਿਨ ਹੋਰ ਮਜ਼ਬੂਤ ਹੋ ਰਹੀ ਹੈ। ‘ਪੁਆੜਾ’ ਹੁਣ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਸਫਲਤਾ ਨਾਲ ਚੱਲ ਰਹੀ ਹੈ।

PunjabKesari


author

sunita

Content Editor

Related News