ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਨੂੰ ਆਖੀ ਦਿਲ ਦੀ ਗੱਲ, ਸੋਸ਼ਲ ਮੀਡੀਆ ਤੇ ਮੰਗੀ ਮੁਆਫ਼ੀ

1/14/2021 1:01:55 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੇ ਕੁਇਜ਼ ਰਿਐਲਿਟੀ ਸ਼ੋਅ 'ਕੌਨ ਬਨੇਗਾ ਕਰੋੜਪਤੀ 12' (ਕੇਬੀਸੀ 12) ਨੂੰ ਲੈ ਕੇ ਆਏ ਦਿਨ ਸੁਰਖ਼ੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਇਸ ਸ਼ੋਅ 'ਚ ਆਮ ਤੋਂ ਲੈ ਕੇ ਖ਼ਾਸ ਤਕ ਹਰ ਕੋਈ ਆਪਣੇ ਗਿਆਨ ਦੇ ਦਮ 'ਤੇ ਕਿਸਮਤ ਅਜਮਾਉਣ ਆਉਂਦਾ ਹੈ। ਅਮਿਤਾਭ ਬੱਚਨ 'ਕੇਬੀਸੀ' ਦੇ ਕਈ ਸੀਜ਼ਨ ਹੋਸਟ ਕਰ ਚੁੱਕੇ ਹਨ ਪਰ ਹੁਣ ਉਨ੍ਹਾਂ ਨੇ ਰਿਟਾਇਰ ਹੋਣ ਦੀ ਗੱਲ ਕਹੀ ਹੈ। ਦਰਅਸਲ, ਅਮਿਤਾਭ ਬੱਚਨ ਨੇ ਹਾਲ ਹੀ 'ਚ 'ਕੇਬੀਸੀ 12' ਦੇ ਆਖ਼ਰੀ ਐਪੀਸੋਡ ਦੀ ਸ਼ੂਟਿੰਗ ਖ਼ਤਮ ਕੀਤੀ। ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਬਿੱਗ ਬੀ ਨੇ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਬਲਾਗ ਲਿਖਿਆ ਹੈ। ਇਸ ਬਲਾਗ ਨਾਲ ਉਨ੍ਹਾਂ ਨੇ ਆਪਣੇ ਰਿਟਾਇਰਮੈਂਟ ਦੀ ਗੱਲ ਕੀਤੀ ਹੈ। ਅਮਿਤਾਭ ਬੱਚਨ ਨੇ ਆਪਣੇ ਪੋਸਟ ਬਲਾਗ 'ਚ ਲਿਖਿਆ, 'ਮੈਂ ਹੁਣ ਥੱਕ ਗਿਆ ਹਾਂ ਅਤੇ ਰਿਟਾਇਰ ਹੋ ਚੁੱਕਾ ਹਾਂ। ਮੈਂ ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਤੋਂ, ਕੌਣ ਬਣੇਗਾ ਕਰੋੜਪਤੀ ਦੀ ਸ਼ੂਟਿੰਗ ਦਾ ਇਹ ਆਖ਼ਰੀ ਦਿਨ ਬਹੁਤ ਲੰਬਾ ਰਿਹਾ ਹੈ।'

ਹਾਲਾਂਕਿ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਇਹ ਵੀ ਲਿਖਿਆ ਹੈ ਕਿ ਉਹ ਅੱਗੇ ਵੀ 'ਕੇਬੀਸੀ' ਦਾ ਹਿੱਸਾ ਰਹਿਣਗੇ। ਉਨ੍ਹਾਂ ਨੇ ਲਿਖਿਆ, ਸ਼ੋਅ ਦੇ ਆਖ਼ਰੀ ਐਪੀਸੋਡ 'ਚ ਫੇਅਰਵੈੱਲ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਮਿਲਿਆ। ਸਾਰੀਆਂ ਚੀਜ਼ਾਂ ਆਪਸ 'ਚ ਜੁੜੀਆਂ ਹੋਈਆਂ ਹਨ। ਇੱਛਾ ਬੱਸ ਇਹ ਹੈ ਕਿ ਸਭ ਕੁਝ ਕਦੇ ਵੀ ਰੁਕੇ ਨਾ ਤੇ ਬਸ ਇਸੇ ਤਰ੍ਹਾਂ ਚੱਲਦਾ ਰਹੇ। ਉਮੀਦ ਕਰਦਾ ਹਾਂ ਕਿ ਇਹ ਸਭ ਦੁਬਾਰਾ ਜਲਦ ਹੋ ਸਕੇ। ਸ਼ੋਅ ਦਾ ਕਰਿਊ ਤੇ ਪੂਰੀ ਟੀਮ ਬਹੁਤ ਕੇਅਰਿੰਗ ਸੀ। ਸੋਸ਼ਲ ਮੀਡੀਆ 'ਤੇ ਇਸ ਬਲਾਗ ਦੀ ਕਾਫ਼ੀ ਚਰਚਾ ਹੋਈ।

ਦੱਸ ਦੇਈਏ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਆਪਣੀ ਜ਼ਿੰਦਗੀ ਦੇ ਕਿੱਸੇ ਸਾਂਝੇ ਕਰਦੇ ਰਹਿੰਦੇ ਹਨ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita