ਅਮਿਤਾਬ ਬੱਚਨ ਤੇ ਰਿਆ ਚੱਕਰਵਰਤੀ ਦੀ ਇਹ ਫ਼ਿਲਮ ਥੀਏਟਰ ਦੀ ਥਾਂ OTT ''ਤੇ ਹੋਵੇਗੀ ਰਿਲੀਜ਼

12/11/2020 10:39:52 AM

ਮੁੰਬਈ (ਬਿਊਰੋ) - ਅਮਿਤਾਭ ਬੱਚਨ ਦੀ ਫ਼ਿਲਮ 'ਚੇਹਰੇ', ਜੋ ਬਣੀ ਤਾਂ ਸਿਨੇਮਾ ਘਰ ਲਈ ਸੀ ਪਰ ਹੁਣ ਦੇ ਹਲਾਤਾਂ ਨੂੰ ਦੇਖਦੇ ਹੋਏ ਬਾਲੀਵੁੱਡ ਸ਼ਹਿਨਸ਼ਾਹ ਦੀ ਇਹ ਫ਼ਿਲਮ OTT ਪਲੇਟਫਾਰਮ ਵੱਲ ਜਾ ਰਹੀ ਹੈ। ਅਮਿਤਾਭ ਬੱਚਨ, ਇਮਰਾਨ ਹਾਸ਼ਮੀ ਤੇ ਰਿਆ ਚਕਰਵਰਤੀ ਦੀ ਫ਼ਿਲਮ 'ਚੇਹਰੇ' ਨੂੰ ਡਿਜ਼ੀਟਲੀ ਰਿਲੀਜ਼ ਕਰਨ ਲਈ ਇਸ ਦੇ ਆਫੀਸ਼ੀਅਲ ਰਾਈਟਸ ਇਕ ਕੰਪਨੀ ਵਲੋਂ ਖਰੀਦੇ ਗਏ ਹਨ। ਫ਼ਿਲਮ 'ਚੇਹਰੇ' ਇਸ ਸਾਲ 24 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੀ ਮਾਰ ਕਰਕੇ ਇਸ ਫ਼ਿਲਮ ਦੀ ਰਿਲੀਜ਼ਿੰਗ ਨਹੀਂ ਹੋਈ। ਤਾਲਾਬੰਦ ਤੋਂ ਪਹਿਲਾਂ ਹੀ ਫ਼ਿਲਮ 'ਚੇਹਰੇ' ਦੀ ਸ਼ੂਟਿੰਗ ਖ਼ਤਮ ਹੋ ਗਈ ਸੀ। ਇਸ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਸੀ ਅਤੇ ਫ਼ਿਲਮ ਵੀ 24 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ। ਫ਼ਿਲਮ ਦੇ ਮੇਕਰਸ ਕਾਫ਼ੀ ਸਮੇਂ ਤੋਂ ਆਪਣੀ ਫ਼ਿਲਮ ਨੂੰ ਓਟੀਟੀ 'ਤੇ ਸੇਲ ਕਰਨ 'ਚ ਲੱਗੇ ਹੋਏ ਸਨ ਅਤੇ ਆਖ਼ਿਰਕਾਰ, ਸਹੀ ਬਜਟ ਮਿਲਣ ਤੋਂ ਬਾਅਦ ਮੇਕਰਸ ਨੇ ਇਸ ਫ਼ਿਲਮ ਨੂੰ ਡਿਜੀਟਲ ਰਿਲੀਜ਼ ਲਈ ਓਟੀਟੀ ਨੂੰ ਸੌਂਪ ਦਿੱਤਾ ਹੈ।

ਇਸ ਫ਼ਿਲਮ ਦੇ ਲੀਡ ਕਿਰਦਾਰ 'ਚ ਅਦਾਕਾਰਾ ਰਿਆ ਚੱਕਰਵਰਤੀ ਹੈ, ਜੋ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਕਰਕੇ ਕਾਫ਼ੀ ਚਰਚਾ 'ਚ ਰਹੀ। ਮੇਕਰਸ ਨੂੰ ਇਹ ਡਰ ਸੀ ਕਿ ਰਿਆ ਦੇ ਵਿਵਾਦਾਂ 'ਚ ਰਹਿਣ ਕਾਰਨ ਕਿਧਰੇ ਇਹ ਫ਼ਿਲਮ ਸਿਨੇਮਾ ਘਰ 'ਚ ਨਾ ਕਮਾਈ ਕਰ ਪਾਉਂਦੀ। ਮੇਕਰਸ ਦੇ ਇਸ ਡਰ ਕਰਕੇ ਵੀ ਇਸ ਫ਼ਿਲਮ ਨੂੰ OTT ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾ ਅਮਿਤਾਭ ਬੱਚਨ ਦੀ ਫ਼ਿਲਮ 'ਗੁਲਾਬੋ ਸਿਤਾਬੋ' ਨੂੰ ਵੀ OTT 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ 'ਚ ਅਮਿਤਾਭ ਨਾਲ ਆਯੁਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ 'ਚ ਸਨ ਪਰ ਫ਼ਿਲਮ OTT 'ਤੇ ਰਿਲੀਜ਼ ਹੋਣ ਤੋਂ ਬਾਅਦ ਵੀ ਕੁਝ ਜ਼ਿਆਦਾ ਵਾਹ-ਵਾਹੀ ਖੱਟਣ 'ਚ ਨਾਕਾਮਯਾਬ ਰਹੀ ਸੀ।

ਫ਼ਿਲਮ 'ਚੇਹਰੇ' 'ਚ ਅਮਿਤਾਭ ਬੱਚਨ ਇਕ ਵਕੀਲ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ ਤੇ ਇਮਰਾਨ ਹਾਸ਼ਮੀ ਇਕ ਵੱਡੇ ਬਿਜ਼ਨੈਸ ਮੈਨ ਦੇ ਤੌਰ 'ਤੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਕ੍ਰਿਸਟਲ ਡੀਸੂਜ਼ਾ, ਸਿਧਾਰਥ ਕਪੂਰ ਅਤੇ ਅੰਨੂ ਕਪੂਰ ਵੀ ਅਹਿਮ ਕਿਰਦਾਰ 'ਚ ਹਨ। 


sunita

Content Editor sunita