ਅਮਿਤਾਭ ਨੂੰ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਡਾਈਟ, ਇਹ ਚੀਜ਼ਾਂ ਖਾਣ ਨਾਲ ਜਲਦੀ ਹੋ ਰਹੇ ਹਨ ਤੰਦਰੁਸਤ
Tuesday, Jul 14, 2020 - 02:01 PM (IST)

ਜਲੰਧਰ (ਬਿਊਰੋ) — ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਪੂਰਾ ਦੇਸ਼ ਉਨ੍ਹਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਹੈ ਕਿਉਂਕਿ ਉਮਰ ਦੇ ਇਸ ਪੜਾਅ 'ਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਡਾਕਟਰ ਉਨ੍ਹਾਂ ਦੀ ਸਿਹਤ ਦਾ ਖ਼ਾਸ ਖ਼ਿਆਲ ਰੱਖ ਰਹੇ ਹਨ, ਖ਼ਾਸ ਕਰਕੇ ਉਨ੍ਹਾਂ ਦੀ ਖ਼ੁਰਾਕ ਦਾ ਤਾਂ ਜੋ ਉਹ ਜਲਦੀ ਠੀਕ ਹੋਣ। ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਡਾਈਟੀਸ਼ੀਅਨ ਵੀ ਇਸ ਤਰ੍ਹਾਂ ਦੀ ਡਾਈਟ ਪਲਾਨ ਕਰਦੇ ਹਨ, ਜਿਸ ਨਾਲ ਕੋਰੋਨਾ ਨਾਲ ਲੜਨ 'ਚ ਮਦਦ ਮਿਲ ਸਕੇ, ਜਲਦ ਪਚਾਉਣ ਵਾਲੀ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਲੀ ਹੋਵੇ।
ਰੋਗ ਨਾਲ ਲੜਨ ਲਈ ਸਰੀਰ ਨੂੰ ਵਿਟਾਮਿਨਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਜਿਹੇ ਹਲਾਤਾਂ 'ਚ ਭੋਜਨ 'ਚ ਵਿਟਾਮਿਨਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਕੋਸਾ ਪਾਣੀ, ਤਾਜ਼ਾ ਸਬਜ਼ੀਆਂ, ਖਿਚੜੀ ਅਤੇ ਹਲਕੀਆਂ ਦਾਲਾਂ ਕੋਵਿਡ 19 ਦੇ ਮਰੀਜ਼ਾਂ ਨੂੰ ਊਰਜਾ ਦਿੰਦੀਆਂ ਹਨ। ਥਕਾਵਟ ਵੀ ਦੂਰ ਕਰਦੀਆਂ ਹਨ ਅਤੇ ਸਫੇਦ ਰਕਤ ਕੋਸ਼ਿਕਾਵਾਂ ਨੂੰ ਵਧਾਉਣ 'ਚ ਮਦਦ ਕਰਦੀਆਂ ਹਨ।
ਡਬਲਿਊ.ਐੱਚ. ਓ ਮੁਤਾਬਿਕ ਕੋਵਿਡ 19 ਦੇ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਖ਼ੁਰਾਕ 'ਚ ਦਾਲਾਂ ਤੇ ਹਰੀਆਂ ਸਬਜ਼ੀਆਂ ਸ਼ਾਮਿਲ ਹੋਣ ਤਾਂ ਜੋ ਸਰੀਰ ਨੂੰ ਪੋਸ਼ਕ ਤੱਤ ਮਿਲਦੇ ਰਹਿਣ। ਖਾਣੇ 'ਚ ਨਮਕ ਦੀ ਮਾਤਰਾ ਘੱਟ ਕਰ ਦਿੱਤੀ ਗਈ ਹੈ ਤਾਂ ਜੋ ਬੀ. ਪੀ. ਦੀ ਸਮੱਸਿਆ ਪੈਦਾ ਨਾ ਹੋਵੇ। ਤੇਲ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਵਾਰ-ਵਾਰ ਪਾਣੀ ਪੀਣਾ ਚਾਹੀਦਾ ਹੈ।