ਇੰਡੀਆਜ਼ ਗੌਟ ਲੇਟੈਂਟ ਵਿਵਾਦ: ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਇਲਾਹਾਬਾਦੀਆ ਅਤੇ ਅਪੂਰਵਾ
Friday, Mar 07, 2025 - 09:46 AM (IST)

ਨਵੀਂ ਦਿੱਲੀ (ਭਾਸ਼ਾ)- ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ’ਚ ਕੀਤੀਆਂ ਗਈਆਂ ਅਸ਼ੋਭਨੀਕ ਟਿੱਪਣੀਆਂ ਦੇ ਮਾਮਲੇ ’ਚ ਰਣਵੀਰ ਇਲਾਹਾਬਾਦੀਆ ਅਤੇ ਅਪੂਰਵਾ ਮੁਖੀਜਾ ਵੀਰਵਾਰ ਨੂੰ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਨੇ ਦੱਸਿਆ ਕਿ ਸ਼ੋਅ ਦੇ ਨਿਰਮਾਤਾ ਸੌਰਭ ਬੋਥਰਾ ਤੇ ਤੁਸ਼ਾਰ ਪੁਜਾਰੀ ਅਤੇ ਕਾਮੇਡੀਅਨ ਜਸਪ੍ਰੀਤ ਸਿੰਘ ਤੇ ਯੂ-ਟਿਊਬਰ ਆਸ਼ੀਸ਼ ਚੰਚਲਾਨੀ ਦੇ ਵਕੀਲ ਵੀ ਪੈਨਲ ਦੇ ਸਾਹਮਣੇ ਪੇਸ਼ ਹੋਏ।
ਕਮਿਸ਼ਨ ਨੇ ਸ਼ੋਅ ’ਚ ਇਲਾਹਾਬਾਦੀਆ, ਮੁਖੀਜਾ, ਰੈਨਾ, ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਚੰਚਲਾਨੀ ਵੱਲੋਂ ਕੀਤੀਆਂ ਗਈਆਂ ਅਸ਼ੋਭਨੀਕ ਅਤੇ ਇਤਰਾਜ਼ਯੋਗ ਟਿੱਪਣੀਆਂ ਨੂੰ ਗੰਭੀਰਤਾ ਨਾਲ ਲਿਆ ਸੀ। ਰੈਨਾ ਦੇ ਸ਼ੋਅ ’ਚ ਮਾਤਾ-ਪਿਤਾ ਅਤੇ ਸੈਕਸ ਸਬੰਧਾਂ ’ਤੇ ਟਿੱਪਣੀ ਕਰਨ ਲਈ ਇਲਾਹਾਬਾਦੀਆ ਖਿਲਾਫ ਕਈ ਐੱਫ. ਆਈ. ਆਰਜ਼ ਦਰਜ ਕਰਵਾਈਆਂ ਗਈਆਂ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਇਲਾਹਾਬਾਦੀਆ ਨੂੰ ਗ੍ਰਿਫਤਾਰੀ ਤੋਂ ਅੰਤ੍ਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ।