ਇਕ ਸਾਲ ’ਚ 3 ਫਲਾਪ ਫ਼ਿਲਮਾਂ, ਖ਼ਤਰੇ ’ਚ ਅਕਸ਼ੇ ਕੁਮਾਰ ਦਾ ਸਟਾਰਡਮ
Tuesday, Aug 16, 2022 - 05:19 PM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਲੱਗਦਾ ਹੈ ਹੁਣ ਬਾਕਸ ਆਫਿਸ ਦੇ ਕਿੰਗ ਨਹੀਂ ਰਹੇ। ਇਕ ਸਮਾਂ ਸੀ ਜਦੋਂ ਖਿਲਾੜੀ ਕੁਮਾਰ ਦੀਆਂ ਫ਼ਿਲਮਾਂ ਲਈ 100 ਕਰੋੜ ਕਲੱਬ ’ਚ ਸ਼ਾਮਲ ਹੋਣਾ ਆਮ ਗੱਲ ਹੁੰਦੀ ਸੀ ਪਰ ਹੁਣ ਪਹਿਲਾਂ ਵਰਗੇ ਦਿਨ ਨਹੀਂ ਰਹੇ। ਸਾਲ 2022 ’ਚ ਰਿਲੀਜ਼ ਹੋਈਆਂ ਅਕਸ਼ੇ ਕੁਮਾਰ ਦੀਆਂ ਤਿੰਨ ਫ਼ਿਲਮਾਂ ਤਾਂ ਇਹੀ ਦੱਸਦੀਆਂ ਹਨ। ਅਦਾਕਾਰ ਦੀਆਂ ਲਗਾਤਾਰ 2 ਫ਼ਿਲਮਾਂ ਫਲਾਪ ਰਹੀਆਂ, ਹੁਣ ਤੀਜੀ ਵੀ ਇਸ ਲਿਸਟ ’ਚ ਹੈ।
11 ਅਗਸਤ ਨੂੰ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਬੁਰੀ ਤਰ੍ਹਾਂ ਪਿੱਟਦੀ ਨਜ਼ਰ ਆ ਰਹੀ ਹੈ। ਫ਼ਿਲਮ ਦੇ 5 ਦਿਨਾਂ ਦੀ ਕਮਾਈ ਇੰਨੀ ਘੱਟ ਹੈ ਕਿ ਤੁਹਾਨੂੰ ਅੰਕੜਿਆਂ ’ਤੇ ਯਕੀਨ ਨਹੀਂ ਹੋਵੇਗਾ। ‘ਰਕਸ਼ਾ ਬੰਧਨ’ 5 ਦਿਨਾਂ ’ਚ 50 ਕਰੋੜ ਛੂਹਣਾ ਤਾਂ ਦੂਰ ਦੀ ਗੱਲ ਹੈ, ਫ਼ਿਲਮ 40 ਕਰੋੜ ਵੀ ਨਹੀਂ ਕਮਾ ਸਕੀ ਹੈ। ‘ਰਕਸ਼ਾ ਬੰਧਨ’ ਦੇ 5 ਦਿਨਾਂ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਫ਼ਿਲਮ ਨੇ ਸੋਮਵਾਰ ਤਕ ਸਿਰਫ 34.47 ਕਰੋੜ ਦੀ ਹੀ ਕਲੈਕਸ਼ਨ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ
ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ‘ਰਕਸ਼ਾ ਬੰਧਨ’ ਦੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਫਲਾਪ ਸਾਬਿਤ ਹੋਈ ਹੈ। ਛੁੱਟੀਆਂ ਹੋਣ ਦੇ ਬਾਵਜੂਦ ਫ਼ਿਲਮ ਨੇ ਬੀਤੇ 5 ਦਿਨਾਂ ’ਚੋਂ ਇਕ ਦਿਨ ਵੀ ਡਬਲ ਡਿਜਿਟ ਕਮਾਈ ਨਹੀਂ ਕੀਤੀ ਹੈ। ‘ਰਕਸ਼ਾ ਬੰਧਨ’ ਦੀ 5 ਦਿਨਾਂ ਦੀ ਕੁਲ ਕਮਾਈ ਸ਼ਾਕਿੰਗ ਹੈ। ਫ਼ਿਲਮ ਨੇ ਪਹਿਲੇ ਦਿਨ ਯਾਨੀ ਵੀਰਵਾਰ ਨੂੰ 8.20 ਕਰੋੜ ਨਾਲ ਖ਼ਾਤਾ ਖੋਲ੍ਹਿਆ, ਫਿਰ ਸ਼ੁੱਕਰਵਾਰ ਨੂੰ 6.40 ਕਰੋੜ, ਸ਼ਨੀਵਾਰ ਨੂੰ 6.51 ਕਰੋੜ, ਐਤਵਾਰ ਨੂੰ 7.05 ਕਰੋੜ ਤੇ ਸੋਮਵਾਰ ਨੂੰ 6.31 ਕਰੋੜ ਰੁਪਏ ਕਮਾਏ।
‘ਰਕਸ਼ਾ ਬੰਧਨ’ ਨਾ ਹੀ ਰੱਖੜੀ ਦੇ ਤਿਉਹਾਰੀ ਸੀਜ਼ਨ ਦਾ ਫਾਇਦਾ ਚੁੱਕ ਸਕੀ ਤੇ ਨਾ ਹੀ 15 ਅਗਸਤ ਦੀ ਛੁੱਟੀ ਦਾ। ਦੋਵੇਂ ਹੀ ਛੁੱਟੀਆਂ ’ਤੇ ਫ਼ਿਲਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਮੀਦਾਂ ਨੂੰ ਤੋੜਦਿਆਂ ਹੈਰਾਨੀਜਨਕ ਇਹ ਰਿਹਾ ਕਿ 15 ਅਗਸਤ ਯਾਨੀ ਸੋਮਵਾਰ ਨੂੰ ਫ਼ਿਲਮ ਦੀ ਕਮਾਈ ਵਧਣ ਦੀ ਬਜਾਏ ਡਿੱਗੀ। 5ਵੇਂ ਦਿਨ ਦੇ ਅੰਕੜਿਆਂ ਦਾ ਹਾਲ ਦੇਖ ਕੇ ਲੱਗਦਾ ਹੈ ਕਿ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਵਰਕਿੰਗ ਡੇਅਜ਼ ’ਚ ਹੋਰ ਬੁਰਾ ਹਾਲ ਹੋਣ ਵਾਲਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।