ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ’ਚ ਅਜੇ ਵੀ ਚੱਲ ਰਹੀ ਹੈ ਅਕਸ਼ੇ ਕੁਮਾਰ ਦੀ ‘ਸੂਰਿਆਵੰਸ਼ੀ’

11/08/2021 1:17:07 PM

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ’ਚ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿਥੇ ਕਿਸਾਨਾਂ ਵਲੋਂ ਅਕਸ਼ੇ ਕੁਮਾਰ ਦੀ ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਅਜੇ ਵੀ ਪੰਜਾਬ ਦੇ 9 ਜ਼ਿਲ੍ਹਿਆਂ ’ਚ ਫ਼ਿਲਮ ਨੂੰ ਦਿਖਾਇਆ ਜਾ ਰਿਹਾ ਹੈ।

‘ਬੁੱਕ ਮਾਈ ਸ਼ੋਅ’ ’ਤੇ ਜਾ ਕੇ ਸਰਚ ਕੀਤੀ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਚੰਡੀਗੜ੍ਹ ’ਚ ਫ਼ਿਲਮ 13 ਸਿਨੇਮਾਘਰਾਂ ’ਚ ਦਿਖਾਈ ਜਾ ਰਹੀ ਹੈ। ਉਥੇ ਲੁਧਿਆਣਾ ਦੇ 9, ਅੰਮ੍ਰਿਤਸਰ ’ਚ 5, ਹੁਸ਼ਿਆਰਪੁਰ ’ਚ 4, ਪਠਨਾਕੋਟ ਤੇ ਮੋਗਾ ਦੇ 3-3 ਸਿਨੇਮਾਘਰਾਂ ’ਚ, ਜਲੰਧਰ ਦੇ 2 ਸਿਨੇਮਾਘਰਾਂ ’ਚ ਤੇ ਬਠਿੰਡਾ ਤੇ ਰੂਪਨਗਰ ਦੇ 1-1 ਸਿਨੇਮਾਘਰ ’ਚ ਫ਼ਿਲਮ ਦੇ ਸ਼ੋਅਜ਼ ਦਿਖਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ

ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਵਿਰੋਧ ਨੂੰ ਦੇਖਦਿਆਂ ਫ਼ਿਲਮ ਨੂੰ ਸਿਨੇਮਾਘਰਾਂ ’ਚੋਂ ਉਤਾਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਪਣੇ ਆਪ ਨੂੰ ਪੰਜਾਬੀ ਕਹਿਣ ਤੇ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਤੇ ਪਿੱਠ ਭੂਮੀ ਪੰਜਾਬ ਦੀ ਰੱਖਣ ਦੇ ਬਾਵਜੂਦ ਅਕਸ਼ੇ ਕੁਮਾਰ ਵਲੋਂ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਗਿਆ ਹੈ। ਇਸੇ ਦੇ ਚਲਦਿਆਂ ਕਿਸਾਨਾਂ ਵਲੋਂ ਜਿਥੇ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬੌਟਮ’ ਦਾ ਵਿਰੋਧ ਕੀਤਾ ਗਿਆ ਸੀ, ਉਥੇ ਹੁਣ ‘ਸੂਰਿਆਵੰਸ਼ੀ’ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਥੇ ਅਕਸ਼ੇ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਪ੍ਰਤੀ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬੀ ਹੋਣ ਦੇ ਨਾਅਤੇ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੇ ਹੱਕਾਂ ਲਈ ਬੋਲਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਨੋਟ– ਕੀ ਤੁਹਾਡੇ ਜ਼ਿਲ੍ਹੇ ’ਚ ਵੀ ‘ਸੂਰਿਆਵੰਸ਼ੀ’ ਫ਼ਿਲਮ ਦਿਖਾਈ ਜਾ ਰਹੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News