‘ਲਕਸ਼ਮੀ’ ਨੂੰ ਕੈਰੀਅਰ ਦੀ ਸਭ ਤੋਂ ਚੁਣੌਤੀਪੂਰਨ ਫ਼ਿਲਮ ਮੰਨਦੇ ਹਨ ਅਕਸ਼ੈ ਕੁਮਾਰ
Saturday, Mar 20, 2021 - 03:06 PM (IST)
ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਫ਼ਿਲਮ ਲਕਸ਼ਮੀ ਨੂੰ ਆਪਣੇ ਕੈਰੀਅਰ ਦੀ ਸਭ ਤੋਂ ਚੁਣੌਤੀਪੂਰਨ ਫ਼ਿਲਮਾਂ ’ਚੋਂ ਇਕ ਮੰਨਦੇ ਹਨ। ਰਾਘਵ ਲਾਰੇਂਸ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ’ਚ ਅਕਸ਼ੈ ਨੇ ਟਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਸੀ। ਹੁਣ ਅਦਾਕਾਰ ਦੀ ਇਹ ਫ਼ਿਲਮ ਜਲਦ ਹੀ ਟੀ.ਵੀ ’ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਇਹ ਉਨ੍ਹਾਂ ਦੇ ਕੈਰੀਅਰ ਦੀ ਸਭ ਤੋਂ ਔਖੀ ਭੂਮਿਕਾ ਵਾਲੀ ਫ਼ਿਲਮ ਹੈ। ਅਕਸ਼ੈ ਨੇ ਕਿਹਾ ਕਿ ਫ਼ਿਲਮ ਲਕਸ਼ਮੀ ’ਚ ਮੈਂ ਬਹੁਤ ਕੁਝ ਸਿੱਖਿਆ ਹੈ ਜਿਸ ਤਰ੍ਹਾਂ ਇਹ ਭੂਮਿਕਾ ਕਰਦੀ ਹੈ, ਤੁਰਦੀ ਹੈ, ਡਾਂਸ ਕਰਦੀ ਹੈ। ਇਸ ਲਈ ਮੈਂ ਕਈ ਘੰਟਿਆਂ ਤੱਕ ਰਿਹਰਸਲ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਮੈਨੂੰ ਖੁਸ਼ੀ-ਖੁਸ਼ੀ ਰੀਟੇਕ ਦਿੱਤੇ ਕਿਉਂਕਿ ਮੈਂ ਚੰਗਾ ਕਰਨਾ ਚਾਹੁੰਦਾ ਸੀ।
ਅਕਸ਼ੈ ਕੁਮਾਰ ਨੇ ਕਿਹਾ ਕਿ ਲਕਸ਼ਮੀ ਮੇਰੇ ਲਈ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਕਾਫ਼ੀ ਚੁਣੌਤੀਪੂਰਨ ਭੂਮਿਕਾ ਰਹੀ ਹੈ। ਇਸ ਫ਼ਿਲਮ ’ਚ ਜੋ ਕੁਝ ਕੀਤਾ ਗਿਆ ਹੈ ਉਹ ਬਹੁਤ ਹੀ ਔਖਾ ਅਤੇ ਚੁਣੌਤੀਪੂਰਨ ਸੀ ਜੋ ਮੈਂ ਆਪਣੇ 30 ਸਾਲ ਦੇ ਕੈਰੀਅਰ ’ਚ ਕਦੇ ਨਹੀਂ ਕੀਤਾ ਸੀ। ਮੈਂ ਇਸ ਫ਼ਿਲਮ ਦੇ ਰਾਹੀਂ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਢਾਲਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਪਰਿਵਾਰ ਦੇ ਨਾਲ ਫ਼ਿਲਮਾਂ ਦੇਖਣਾ ਪਸੰਦ ਹੈ। ਹੁਣ ਜਦੋਂ ‘ਲਕਸ਼ਮੀ’ ਫ਼ਿਲਮ ਟੈਲੀਵੀਜ਼ਨ ’ਤੇ ਆ ਰਹੀ ਹੈ ਤਾਂ ਮੈਂ ਆਪਣੇ ਪਰਿਵਾਰ ਦੇ ਨਾਲ ਇਸ ਫ਼ਿਲਮ ਨੂੰ ਜ਼ਰੂਰ ਦੇਖਾਂਗਾ। ਅਕਸ਼ੈ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਉਹ ਆਉਣ ਵਾਲੀ ਫ਼ਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ’ਚ ਉਸ ਤੋਂ ਇਲਾਵਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਸ ਅਤੇ ਨੁਸਰਤ ਭਰੂਚਾ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੀਆਂ।