ਫ਼ਿਲਮ ''ਪੋਂਨੀਯਨ ਸੇਲਵਾਨ'' ਨਾਲ ਕਮਬੈਕ ਕਰੇਗੀ ਐਸ਼ਵਰਿਆ ਰਾਏ, ਫਰਸਟ ਪੋਸਟਰ ਹੋਇਆ ਰਿਲੀਜ਼
Wednesday, Jul 21, 2021 - 02:05 PM (IST)
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਅਗਲੀ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਐਸ਼ਵਰਿਆ ਰਾਏ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਉਤਸ਼ਾਹ ਪੈਦਾ ਹੋ ਗਿਆ ਹੈ ਅਤੇ ਇਸ ਪੋਸਟਰ ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਐਸ਼ਵਰਿਆ ਰਾਏ ਆਖਰੀ ਵਾਰ ਸਾਲ 2018 ਵਿਚ ਫ਼ਿਲਮ 'ਫੰਨੀ ਖ਼ਾਨ' ਵਿਚ ਨਜ਼ਰ ਆਈ ਸੀ। ਐਸ਼ਵਰਿਆ ਰਾਏ ਦੀ ਇਸ ਫ਼ਿਲਮ ਦਾ ਨਾਮ 'ਪੋਂਨੀਯਨ ਸੇਲਵਾਨ' ਹੈ ਜੋ ਇਕ ਇਤਿਹਾਸਕ ਡਰਾਮਾ ਹੈ।
ਮਨੀ ਰਤਨਮ ਐਸ਼ਵਰਿਆ ਰਾਏ ਬੱਚਨ ਦੀ ਫ਼ਿਲਮ 'ਪੋਂਨੀਯਨ ਸੇਲਵਾਨ' ਨੂੰ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਮਨੀ ਰਤਨਮ ਦੇ ਅਭਿਲਾਸ਼ੀ ਪ੍ਰਾਜੈਕਟਾਂ ਵਿਚੋਂ ਇਕ ਹੈ। ਉਹ ਇਸ ਫ਼ਿਲਮ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਇਸ ਦਾ ਬਜਟ ਲਗਭਗ 500 ਕਰੋੜ ਰੁਪਏ ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਇਸ ਫ਼ਿਲਮ ਨੂੰ ਸਭ ਤੋਂ ਮਹਿੰਗੀ ਤਾਮਿਲ ਫ਼ਿਲਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਫ਼ਿਲਮ ਦੋ ਹਿੱਸਿਆਂ ਵਿਚ ਰਿਲੀਜ਼ ਹੋਵੇਗੀ ਅਤੇ ਇਸ ਦਾ ਪਹਿਲਾ ਭਾਗ 2022 ਵਿਚ ਆਵੇਗਾ। ਇਸ ਫ਼ਿਲਮ 'ਚ ਅਦਾਕਾਰ ਐਸ਼ਵਰਿਆ ਰਾਏ ਨਾਲ ਵਿਕਰਮ, ਕਾਰਤੀ, ਜੈਮ ਰਵੀ, ਤ੍ਰਿਸ਼ਾ ਕ੍ਰਿਸ਼ਣਨ ਅਤੇ ਮੋਹਨ ਬਾਬੂ ਨਜ਼ਰ ਆਉਣਗੇ।
ਐਸ਼ਵਰਿਆ ਰਾਏ ਬੱਚਨ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦੀ ਪਹਿਲੀ ਲੁੱਕ ਦਾ ਪੋਸਟਰ ਜਾਰੀ ਕੀਤਾ ਅਤੇ ਲਿਖਿਆ,'ਸੁਨਹਿਰੀ ਯੁੱਗ ਜ਼ਿੰਦਾ ਹੋਣ ਜਾ ਰਿਹਾ ਹੈ। ਮਨੀ ਰਤਨਮ ਦਾ ਪੋਂਨੀਯਨ ਸੇਲਵਾਨ। ਐਸ਼ਵਰਿਆ ਦੇ ਇਸ ਐਲਾਨ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਅਤੇ ਇਕ ਪ੍ਰਸ਼ੰਸਕ ਨੇ ਲਿਖਿਆ ਹੈ, 'ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ।' ਇਸ ਤਰ੍ਹਾਂ ਐਸ਼ਵਰਿਆ ਰਾਏ ਨੂੰ ਸ਼ਾਨਦਾਰ ਅੰਦਾਜ਼ ਵਿਚ ਦੇਖਣਾ ਕਾਫ਼ੀ ਮਜ਼ੇਦਾਰ ਹੋਵੇਗਾ।