ਅਸਫ਼ਲ ਕਰੀਅਰ ਮਗਰੋਂ ਜਦੋਂ ਆਫਤਾਬ ਨੇ ਲਿਆ ਐਡਲਟ ਫ਼ਿਲਮਾਂ ਦਾ ਸਹਾਰਾ, ਜਾਣੋ ਹੋਰ ਵੀ ਮਜ਼ੇਦਾਰ ਕਿੱਸੇ
Friday, Jun 25, 2021 - 12:22 PM (IST)
ਮੁੰਬਈ (ਬਿਊਰੋ) — ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਫ਼ਿਲਮ ਇੰਡਸਟਰੀ ਦੀ ਰੰਗੀਨ ਦੁਨੀਆ 'ਚ ਕਿਸ ਦੇ ਸਿਤਾਰੇ ਚਮਕਦੇ ਹਨ। ਇਸੇ ਤਰ੍ਹਾਂ ਕੋਈ ਨਹੀਂ ਜਾਣਦਾ ਕਿ ਇਥੇ ਆਉਣ ਤੋਂ ਬਾਅਦ ਚਮਕਦਾਰ ਤਾਰਾ ਕਦੋਂ ਡੁੱਬ ਜਾਵੇਗਾ। ਸਿਤਾਰਿਆਂ ਲਈ ਇਸ ਉਦਯੋਗ 'ਚ ਉਤਾਰ ਚੜਾਅ ਹੋਣਾ ਆਮ ਹੈ। ਕਈ ਵਾਰ ਇਕ ਕਲਾਕਾਰ ਇਕ ਝਟਕੇ 'ਚ ਸਫ਼ਲਤਾ ਦੀਆਂ ਸਿਖਰਾਂ ਨੂੰ ਛੂਹ ਲੈਂਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਕੰਮ ਇਕ ਝਟਕੇ 'ਚ ਹੀ ਬੰਦ ਹੋ ਜਾਂਦਾ ਹੈ। ਆਫਤਾਬ ਸ਼ਿਵਦਾਸਾਨੀ ਵੀ ਉਨ੍ਹਾਂ ਕਲਾਕਾਰਾਂ 'ਚੋਂ ਇਕ ਹੈ। ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਾਸਾਨੀ ਦਾ ਜਨਮ 25 ਜੂਨ 1978 ਨੂੰ ਮੁੰਬਈ 'ਚ ਹੋਇਆ ਸੀ। ਇਸ ਸਾਲ ਆਫਤਾਬ ਆਪਣਾ 43ਵਾਂ ਜਨਮਦਿਨ ਮਨਾ ਰਿਹਾ ਹੈ।
ਬਤੌਰ ਚਾਈਲਡ ਆਰਟਿਸਟ ਕੀਤਾ ਡੈਬਿਊ
ਆਫਤਾਬ ਨੇ ਬਤੌਰ ਚਾਈਲਡ ਆਰਟਿਸਟ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਪਹਿਲੀ ਵਾਰ ਉਸ ਨੂੰ 14 ਸਾਲ ਦੀ ਉਮਰ 'ਚ ਇਕ ਬੇਬੀ ਪ੍ਰੋਡਕਟ ਦੇ ਵਿਗਿਆਪਨ 'ਚ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਕਈ ਕੰਪਨੀਆਂ ਦੇ ਵਿਗਿਆਪਨ 'ਚ ਕੰਮ ਕੀਤਾ। ਫ਼ਿਲਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਫਤਾਬ ਅਨਿਲ ਕਪੂਰ ਦੀ ਸੁਪਰਹਿਟ ਫ਼ਿਲਮ 'ਮਿਸਟਰ ਇੰਡੀਆ' 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਫ਼ਿਲਮ 'ਸ਼ਹਿੰਸ਼ਾਹ' 'ਚ ਅਮਿਤਾਭ ਬੱਚਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਅਵਲ ਨੰਬਰ', 'ਚਾਲਬਾਜ਼' ਅਤੇ 'ਇਨਸਾਨੀਅਤ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਸਨ।
ਇਨ੍ਹਾਂ ਫ਼ਿਲਮਾਂ 'ਚ ਕੀਤਾ ਕੰਮ
ਸਾਲ 1999 'ਚ ਆਫਤਾਬ ਸ਼ਿਵਦਾਸਾਨੀ ਨੇ ਸਿਰਫ਼ 19 ਸਾਲ ਦੀ ਉਮਰ 'ਚ ਰਾਮਗੋਪਾਲ ਵਰਮਾ ਦੀ ਫ਼ਿਲਮ 'ਮਸਤ' ਨਾਲ ਡੈਬਿਉੂ ਕੀਤਾ ਸੀ। ਇਸ ਫ਼ਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਉਰਮਿਲਾ ਮਾਤੋਂਡਕਰ ਨਜ਼ਰ ਆਈ। ਇਹ ਫ਼ਿਲਮ ਸੁਪਰਹਿੱਟ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਸਟ ਮੇਲ ਡੈਬਿਊ ਐਵਾਰਡ ਮਿਲਿਆ। 'ਮਸਤ', 'ਕਸੂਰ' ਅਤੇ 'ਹੰਗਾਮਾ' ਵਰਗੀਆਂ ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਫ਼ਿਲਮਾਂ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੀਆਂ। ਇਸ ਤੋਂ ਬਾਅਦ ਉਨ੍ਹਾਂ 'ਲਵ ਕੇ ਲੀਏ ਕੁਝ ਭੀ ਕਰੇਗਾ', 'ਪਿਆਰ ਇਸ਼ਕ ਔਰ ਮੁਹੱਬਤ', 'ਕੋਈ ਮੇਰੇ ਦਿਲ ਸੇ ਪੁੱਛੇ', 'ਅਵਾਰਾ ਪਾਗਲ ਦੀਵਾਨਾ' ਅਤੇ 'ਪਿਆਸਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਸਨ।
ਐਡਲਟ ਫ਼ਿਲਮਾਂ ਦਾ ਲਿਆ ਸਹਾਰਾ
ਜਦੋਂ ਆਫਤਾਬ ਦੀਆਂ ਫ਼ਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋਣ ਲੱਗੀਆਂ ਤਾਂ ਉਨ੍ਹਾਂ ਐਡਲਟ ਫ਼ਿਲਮਾਂ ਦਾ ਸਹਾਰਾ ਲਿਆ। ਭਾਵੇਂ ਆਫਤਾਬ ਦਾ ਫ਼ਿਲਮੀ ਕਰੀਅਰ ਕੋਈ ਖ਼ਾਸ ਨਹੀਂ ਰਿਹਾ ਪਰ ਪ੍ਰੋਡਕਸ਼ਨ ਹਾਊਸ ਅਤੇ ਦੂਜੇ ਇਵੈਂਟ ਰਾਹੀਂ ਉਹ ਸਾਲ 'ਚ 3 ਕਰੋੜ ਕਮਾ ਲੈਂਦੇ ਸਨ।
51 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਆਫਤਾਬ
ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 51 ਕਰੋੜ ਹੈ। ਮੁੰਬਈ 'ਚ ਉਨ੍ਹਾਂ ਦਾ ਖ਼ੁਦ ਦਾ ਆਲੀਸ਼ਾਨ ਅਪਾਰਟਮੈਂਟ ਹੈ। ਇਸ ਤੋਂ ਇਲਾਵਾ ਆਫਤਾਬ ਨੂੰ ਗੱਡੀਆਂ ਦਾ ਕਾਫ਼ੀ ਸ਼ੌਕ ਹੈ। ਸੂਤਰਾਂ ਮੁਤਾਬਕ ਉਨ੍ਹਾਂ ਕੋਲ ਆਡੀ ਆਰ ਐੱਸ 5 (1. 09 ਕਰੋੜ) ਅਤੇ BMW x6 (1.22 ਕਰੋੜ) ਹੈ।