ਨਹੀਂ ਰੁੱਕ ਰਿਹਾ ‘ਇੰਡੀਅਨ ਆਈਡਲ’ ਦਾ ਵਿਵਾਦ, ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੂੰ ਦੇਣੀ ਪਈ ਸਫਾਈ
Monday, May 24, 2021 - 05:35 PM (IST)
ਮੁੰਬਈ (ਬਿਊਰੋ)– ‘ਇੰਡੀਅਨ ਆਈਡਲ 12’ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਰਿਐਲਿਟੀ ਸ਼ੋਅ ਨੂੰ ਲੈ ਕੇ ਇਕ ਤੋਂ ਬਾਅਦ ਇਕ ਕਈ ਵਿਵਾਦ ਖੜ੍ਹੇ ਹੋ ਰਹੇ ਹਨ। ਪਹਿਲਾਂ ਸਦਾਬਹਾਰ ਗਾਇਕ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਮੇਕਰਜ਼ ਦੀ ਪੋਲ ਖੋਲ੍ਹੀ ਤੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ। ਉਸ ਤੋਂ ਬਾਅਦ ਪਿਛਲੇ ਹਫਤੇ ਹੋਸਟ ਆਦਿਤਿਆ ਨਾਰਾਇਣ ਨੇ ਅਮਿਤ ਦੀ ਗੱਲ ’ਤੇ ਤੰਜ ਕੱਸਿਆ, ਜੋ ਦਰਸ਼ਕਾਂ ਨੂੰ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਆਦਿਤਿਆ ਨੂੰ ਟਰੋਲ ਕਰ ਦਿੱਤਾ।
ਹੁਣ ਆਦਿਤਿਆ ਨਾਰਾਇਣ ਨੇ ਸੋਸ਼ਲ ਮੀਡੀਆ ’ਤੇ ਟਰੋਲ ਹੋਣ ਬਾਰੇ ਗੱਲ ਕੀਤੀ ਹੈ। ਪਿਛਲੇ ਹਫਤੇ ਮੁਕਾਬਲੇਬਾਜ਼ ਸਨਮੁਖਪ੍ਰਿਆ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਚੁੱਕੀ ਸੀ। ਇਸ ਬਾਰੇ ਵੀ ਆਦਿਤਿਆ ਨੇ ਆਪਣੀ ਰਾਏ ਰੱਖੀ ਹੈ। ਉਸ ਦਾ ਕਹਿਣਾ ਹੈ ਕਿ ‘ਇੰਡੀਅਨ ਆਈਡਲ 12’ ’ਚ ਕਿਸੇ ਹੋਰ ਰਿਐਲਿਟੀ ਸ਼ੋਅ ਤੋਂ ਬਿਹਤਰ ਮੁਕਾਬਲੇਬਾਜ਼ ਹਨ।
ਇਹ ਖ਼ਬਰ ਵੀ ਪੜ੍ਹੋ : ਬ੍ਰਾਜ਼ੀਲ ਦੀ ਇਸ ਮਾਡਲ ਨੂੰ ਡੇਟ ਕਰ ਚੁੱਕੇ ਨੇ ਵਿਰਾਟ ਕੋਹਲੀ, ਵਾਇਰਲ ਹੋਈਆਂ ਤਸਵੀਰਾਂ
ਸਪਾਟਬੁਆਏ ਨਾਲ ਗੱਲਬਾਤ ਕਰਦਿਆਂ ਆਦਿਤਿਆ ਨਾਰਾਇਣ ਨੇ ਕਿਹਾ, ‘ਉਹ ਸਾਰੇ ਲੋਕ ਜੋ ਮੈਨੂੰ ਟਰੋਲ ਕਰ ਰਹੇ ਹਨ ਤੇ ਗੱਲਾਂ ਸੁਣਾ ਰਹੇ ਹਨ, ਮੇਰੇ ਵਲੋਂ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਤੇ ਭਗਵਾਨ ਤੁਹਾਡਾ ਭਲਾ ਕਰੇ। ਮੈਨੂੰ ਇੰਝ ਲੱਗ ਰਿਹਾ ਹੈ ਕਿ ਮੈਂ ਕੁੱਤਿਆਂ ਦੀ ਰੇਸ ’ਚ ਉਹ ਚੀਤਾ ਹਾਂ, ਜਿਸ ਨੂੰ ਖ਼ੁਦ ਦੀ ਤੇਜ਼ ਰਫਤਾਰ ਸਾਬਿਤ ਕਰਨ ਲਈ ਹਿੱਲਣ ਦੀ ਲੋੜ ਤਕ ਨਹੀਂ ਹੈ। ਕਦੇ-ਕਦੇ ਆਪਣੀ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ ਤੁਹਾਡੀ ਖ਼ੁਦ ਦੀ ਸਮਝਦਾਰੀ ਤੇ ਤਜਰਬੇ ਦਾ ਅਪਮਾਨ ਹੁੰਦਾ ਹੈ।’
ਆਦਿਿਤਆ ਨੇ ਅੱਗੇ ਕਿਹਾ, ‘ਮੈਨੂੰ ਇੰਝ ਹੀ ਲੱਗਦਾ ਹੈ ਜਦੋਂ ਮੈਂ ਇਕ ਰਿਐਲਿਟੀ ਸ਼ੋਅ ਦੇ ਬੈਸਟ ਮੁਕਾਬਲੇਬਾਜ਼ ਦੀ ਤਰਫਦਾਰੀ ਕਰਦਾ ਹਾਂ। ਇੰਡੀਅਨ ਆਈਡਲ ਪਿਛਲੇ 26 ਹਫਤਿਆਂ ਤੋਂ ਲਗਾਤਾਰ ਟੀ. ਵੀ. ਦਾ ਨੰਬਰ 1 ਰਿਐਲਿਟੀ ਸ਼ੋਅ ਬਣਿਆ ਹੋਇਆ ਹੈ। ਕੀ ਮੈਨੂੰ ਅਜੇ ਵੀ ਇਸ ਦੀ ਤਰਫਦਾਰੀ ਕਰਨ ਦੀ ਲੋੜ ਹੈ।’
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੁਕੱਦਮਾ ਦਰਜ
ਇਸ ਤੋਂ ਇਲਾਵਾ ਆਦਿਤਿਆ ਨੇ ਕਿਹਾ ਕਿ ਸ਼ੋਅ ਦੇ ਮੁਕਾਬਲੇਬਾਜ਼ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਆਲੋਚਨਾ ਪਾਉਣਾ ਤੇ ਉਸ ਨੂੰ ਹੈਂਡਲ ਕਰਨਾ ਸਿੱਖ ਰਹੇ ਹਨ। ਉਸ ਨੇ ਕਿਹਾ, ‘ਚੰਗਾ ਹੈ, ਉਨ੍ਹਾਂ ਨੂੰ ਰਿਐਲਿਟੀ ਸ਼ੋਅ ਦੇ ਬਾਹਰ ਦੀ ਦੁਨੀਆ ਦਾ ਕੌੜਾ ਸੱਚ ਪਤਾ ਚੱਲ ਰਿਹਾ ਹੈ। ਜਿਵੇਂ-ਜਿਵੇਂ ਉਨ੍ਹਾਂ ਦੇ ਪ੍ਰਸ਼ੰਸਕ ਵਧਣਗੇ, ਉਨ੍ਹਾਂ ਨੂੰ ਹੋਰ ਆਲੋਚਨਾਵਾਂ ਵੀ ਝੱਲਣੀਆਂ ਪੈਣਗੀਆਂ। ਇਸ ਤੋਂ ਬਚਿਆ ਨਹੀਂ ਜਾ ਸਕਦਾ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।