ਕਰਜ਼ੇ 'ਚ ਡੁੱਬਿਆ 'ਆਸ਼ਿਕੀ' ਫੇਮ ਸੁਪਰਸਟਾਰ ! ਨਹੀਂ ਮਿਲ ਰਿਹਾ ਕੰਮ, ਮੰਦੇ ਹਾਲ ਦੀ ਵੀਡੀਓ ਹੋਈ ਵਾਇਰਲ

Thursday, Apr 30, 2026 - 01:08 PM (IST)

ਕਰਜ਼ੇ 'ਚ ਡੁੱਬਿਆ 'ਆਸ਼ਿਕੀ' ਫੇਮ ਸੁਪਰਸਟਾਰ ! ਨਹੀਂ ਮਿਲ ਰਿਹਾ ਕੰਮ, ਮੰਦੇ ਹਾਲ ਦੀ ਵੀਡੀਓ ਹੋਈ ਵਾਇਰਲ

ਮੁੰਬਈ - 1990 ਦੀ ਸੁਪਰਹਿੱਟ ਫਿਲਮ 'ਆਸ਼ਿਕੀ' ਰਾਹੀਂ ਰਾਤੋ-ਰਾਤ ਸਟਾਰ ਬਣਨ ਵਾਲੇ ਅਦਾਕਾਰ ਰਾਹੁਲ ਰਾਏ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਅਤੇ ਆਰਥਿਕ ਤੰਗੀ ਕਾਰਨ ਸੁਰਖੀਆਂ 'ਚ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਕੰਟੈਂਟ ਕ੍ਰਿਏਟਰ ਨਾਲ ਉਨ੍ਹਾਂ ਦੀ ਇਕ ਡਾਂਸ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਹੁਣ ਰਾਹੁਲ ਰਾਏ ਨੇ ਚੁੱਪੀ ਤੋੜਦਿਆਂ ਆਪਣੇ ਹਾਲਾਤਾਂ ਬਾਰੇ ਖੁਲਾਸਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Rahul Roy (@officialrahulroy)

ਕਿਉਂ ਬਣਾਈ ਵੀਡੀਓ? ਅਦਾਕਾਰ ਨੇ ਦੱਸਿਆ ਦਰਦ
ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਵੱਲੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਅਤੇ ਪੁੱਛਿਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਅਜਿਹੀ ਕੀ ਮਜਬੂਰੀ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀਡੀਓ ਇਸ ਲਈ ਕੀਤੀ ਕਿਉਂਕਿ ਉਹ ਕੰਮ ਦੀ ਭਾਲ ਵਿੱਚ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੁਝ ਕਾਨੂੰਨੀ ਮਾਮਲਿਆਂ ਲਈ ਪੈਸੇ ਦੇਣੇ ਹਨ, ਜੋ ਕਿ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋਣ ਤੋਂ ਵੀ ਪਹਿਲਾਂ ਦੇ ਹਨ।

ਟ੍ਰੋਲਰਾਂ ਨੂੰ ਦਿੱਤਾ ਕਰਾਰਾ ਜਵਾਬ
ਰਾਹੁਲ ਰਾਏ ਨੇ ਲਿਖਿਆ, "ਜੇਕਰ ਤੁਸੀਂ ਮੇਰੀ ਸਾਦਗੀ ਦਾ ਮਜ਼ਾਕ ਉਡਾ ਰਹੇ ਹੋ ਜਾਂ ਮੇਰੇ ਸੰਘਰਸ਼ 'ਤੇ ਹੱਸ ਰਹੇ ਹੋ, ਤਾਂ ਇਹ ਮੇਰੇ ਬਾਰੇ ਘੱਟ ਅਤੇ ਤੁਹਾਡੇ ਬਾਰੇ ਜ਼ਿਆਦਾ ਦੱਸਦਾ ਹੈ"। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਸੱਚਮੁੱਚ ਚਿੰਤਾ ਹੈ, ਤਾਂ ਉਨ੍ਹਾਂ ਨੂੰ ਕੋਈ ਸਨਮਾਨਜਨਕ ਕੰਮ ਲੱਭਣ 'ਚ ਮਦਦ ਕਰਨ ਤਾਂ ਜੋ ਉਹ ਆਪਣੇ ਕਰਜ਼ੇ ਉਤਾਰ ਸਕਣ।

ਸਿਹਤ ਅਤੇ ਕੰਮ ਦਾ ਜਜ਼ਬਾ
ਬ੍ਰੇਨ ਸਟ੍ਰੋਕ ਵਰਗੀ ਗੰਭੀਰ ਬੀਮਾਰੀ ਦਾ ਸਾਹਮਣਾ ਕਰ ਚੁੱਕੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਲਈ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਲਿਖਿਆ, "ਮੈਂ ਜਿੰਨੇ ਦਿਨ ਜ਼ਿੰਦਾ ਹਾਂ, ਕੰਮ ਕਰਨਾ ਚਾਹੁੰਦਾ ਹਾਂ"। ਉਨ੍ਹਾਂ ਮੁਤਾਬਕ ਕੰਮ ਕਰਨ ਨਾਲ ਉਨ੍ਹਾਂ ਦਾ ਦਿਮਾਗ ਸਰਗਰਮ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਉਦੇਸ਼ ਦਾ ਅਹਿਸਾਸ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਰਾਹੁਲ ਰਾਏ ਆਖਰੀ ਵਾਰ 2023 ਦੀ ਫਿਲਮ 'ਆਗਰਾ' 'ਚ ਨਜ਼ਰ ਆਏ ਸਨ। ਹਾਲਾਂਕਿ 'ਆਸ਼ਿਕੀ' ਨਾਲ ਉਹ ਬਾਲੀਵੁੱਡ ਦੇ ਸਭ ਤੋਂ ਚਰਚਿਤ ਸਿਤਾਰੇ ਬਣ ਗਏ ਸਨ, ਪਰ ਅੱਜ ਉਹ ਆਪਣੀ ਹੋਂਦ ਅਤੇ ਆਰਥਿਕ ਸਥਿਰਤਾ ਲਈ ਸੰਘਰਸ਼ ਕਰ ਰਹੇ ਹਨ।


author

Sunaina

Content Editor

Related News