‘ਲਾਲ ਸਿੰਘ ਚੱਢਾ’ ਦੀ ਅਸਫਲਤਾ ਤੋਂ ਸਦਮੇ ’ਚ ਆਮਿਰ ਖ਼ਾਨ, ਲੈ ਲਿਆ ਵੱਡਾ ਫ਼ੈਸਲਾ
Tuesday, Aug 16, 2022 - 01:36 PM (IST)
ਮੁੰਬਈ (ਬਿਊਰੋ)– ਆਮਿਰ ਖ਼ਾਨ ਜਦੋਂ ਵੀ ਕੋਈ ਫ਼ਿਲਮ ਬਣਾਉਂਦੇ ਹਨ ਤਾਂ ਜੀਅ-ਜਾਨ ਨਾਲ ਕੰਮ ਕਰਦੇ ਹਨ। ਫ਼ਿਲਮ ਦੀ ਸਕ੍ਰਿਪਟਿੰਗ ਤੋਂ ਲੈ ਕੇ ਡਾਇਰੈਕਸ਼ਨ ਤੇ ਗੀਤਾਂ ਤਕ, ਹਰ ਪਹਿਲੂ ’ਤੇ ਕੰਮ ਕਰਦੇ ਹਨ। ਫਿਰ ਉਸ ਦੀ ਪ੍ਰਮੋਸ਼ਨ ਦੀ ਰਣਨੀਤੀ ’ਚ ਵੀ ਉਨ੍ਹਾਂ ਦਾ ਕਾਫੀ ਯੋਗਦਾਨ ਰਹਿੰਦਾ ਹੈ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਮੰਨੇ ਜਾਣ ਵਾਲੇ ਆਮਿਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਦਰਸ਼ਕਾਂ ਦੀ ਨਬਜ਼ ਨੂੰ ਪਛਾਣਨ ’ਚ ਕਾਮਯਾਬ ਨਹੀਂ ਰਹੇ।
‘ਠੱਗਸ ਆਫ ਹਿੰਦੋਸਤਾਨ’ ਦੇ ਫਲਾਪ ਹੋਣ ਤੋਂ ਬਾਅਦ ਉਹ ‘ਲਾਲ ਸਿੰਘ ਚੱਢਾ’ ਨਾਲ ਆਏ ਪਰ ਉਹ ਦਰਸ਼ਕਾਂ ਦੀ ਕਚਿਹਰੀ ’ਚ ਖਰੇ ਨਹੀਂ ਉਤਰੇ। ਫ਼ਿਲਮ ਨੂੰ ਕਾਫੀ ਸਮਾਂ ਲੈ ਕੇ ਬਣਾਇਆ ਗਿਆ ਹੈ। ਹਾਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦੇ ਰਾਈਟਸ ਖਰੀਦਣ ਲਈ ਸਖ਼ਤ ਮਿਹਨਤ ਕੀਤੀ। ਫਿਰ ਫ਼ਿਲਮ ਬਣਾਉਣ ’ਚ ਖੂਬ ਪਸੀਨਾ ਵਹਾਇਆ ਪਰ ਫ਼ਿਲਮ 5 ਦਿਨਾਂ ’ਚ ਸਿਰਫ ਲਗਭਗ 48 ਕਰੋੜ ਰੁਪਏ ਕਮਾ ਪਾਈ। ਹੁਣ ਆਮਿਰ ਖ਼ਾਨ ਨਾਲ ਜੁੜੇ ਸੂਤਰ ਦੱਸ ਰਹੇ ਹਨ ਕਿ ਅਦਾਕਾਰ ਫ਼ਿਲਮ ਦੇ ਵਧੀਆ ਪ੍ਰਦਰਸ਼ਨ ਨਾ ਕਰਨ ਦੇ ਚਲਦਿਆਂ ਸਦਮੇ ’ਚ ਹੈ। ਉਨ੍ਹਾਂ ਨੇ ਡਿਸਟ੍ਰੀਬਿਊਟਰਾਂ ਦਾ ਪੈਸਾ ਵਾਪਸ ਕਰਨ ਦਾ ਵੀ ਫ਼ੈਸਲਾ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ
ਬਾਲੀਵੁੱਡ ਹੰਗਾਮਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਮਿਰ ਖ਼ਾਨ ਤੇ ਉਸ ਦੀ ਸਾਬਕਾ ਪਤਨੀ ਕਿਰਨ ਰਾਓ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਹੈ ਕਿ ਆਮਿਰ ਖ਼ਾਨ ਸਦਮੇ ’ਚ ਹਨ ਤੇ ਦਰਸ਼ਕਾਂ ਵਲੋਂ ਫ਼ਿਲਮ ਨੂੰ ਪਸੰਦ ਨਾ ਕਰਨ ਦੇ ਚਲਦਿਆਂ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਫ਼ਿਲਮ ਨੂੰ ਬੜੀ ਸ਼ਿੱਦਤ ਨਾਲ ਬਣਾਇਆ ਸੀ। ਇਹੀ ਨਹੀਂ, ਉਨ੍ਹਾਂ ਨੇ ਫ਼ਿਲਮ ਦੀ ਅਸਫਲਤਾ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਤੇ ਡਿਸਟ੍ਰੀਬਿਊਟਰਾਂ ਨੂੰ ਹੋਏ ਭਾਰੀ ਨੁਕਸਾਨ ਦੀ ਭਰਪਾਈ ਕਰਨ ਦਾ ਫ਼ੈਸਲਾ ਲਿਆ ਹੈ।
ਦੱਸ ਦੇਈਏ ਕਿ ਅਦਵੈਤ ਚੰਦਨ ਵਲੋਂ ਨਿਰਦੇਸ਼ਿਤ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੇ ਵੀਰਵਾਰ ਨੂੰ 11.7 ਕਰੋੜ, ਸ਼ੁੱਕਰਵਾਰ ਨੂੰ 7.26 ਕਰੋੜ, ਸ਼ਨੀਵਾਰ ਨੂੰ 9 ਕਰੋੜ, ਐਤਵਾਰ ਨੂੰ 10 ਕਰੋੜ ਤੇ 15 ਅਗਸਤ ਯਾਨੀ ਸੋਮਵਾਰ ਨੂੰ 7.87 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਇਸ ਤਰ੍ਹਾਂ ਫ਼ਿਲਮ ਨੇ 45.83 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਫ਼ਿਲਮ ’ਚ ਆਮਿਰ ਖ਼ਾਨ ਤੋਂ ਇਲਾਵਾ ਕਰੀਨਾ ਪੂਰ, ਮੋਨਾ ਸਿੰਘ ਤੇ ਨਾਗਾ ਚੈਤਨਿਆ ਮੁੱਖ ਭੂਮਿਕਾ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।