ਜੂਸ ਦੀ ਦੁਕਾਨ ਚਲਾਉਣ ਵਾਲਾ 24 ਸਾਲਾ ਮੁੰਡਾ ਬਣਿਆ ਮਾਸਟਰਸ਼ੈੱਫ ਜੇਤੂ, ਟਰਾਫੀ ਸਣੇ ਜਿੱਤੇ 25 ਲੱਖ

Sunday, Dec 10, 2023 - 01:43 PM (IST)

ਜੂਸ ਦੀ ਦੁਕਾਨ ਚਲਾਉਣ ਵਾਲਾ 24 ਸਾਲਾ ਮੁੰਡਾ ਬਣਿਆ ਮਾਸਟਰਸ਼ੈੱਫ ਜੇਤੂ, ਟਰਾਫੀ ਸਣੇ ਜਿੱਤੇ 25 ਲੱਖ

ਮੁੰਬਈ (ਬਿਊਰੋ)– ਜਿਸ ਦਿਨ ਦਾ ਕਈ ਮਹੀਨਿਆਂ ਤੋਂ ਇੰਤਜ਼ਾਰ ਸੀ, ਆਖਰਕਾਰ ਉਹ ਪਲ ਆ ਗਿਆ ਹੈ। ‘ਮਾਸਟਰਸ਼ੈੱਫ ਇੰਡੀਆ 2023’ ਨੂੰ ਆਪਣੇ ਸੀਜ਼ਨ ਦਾ ਜੇਤੂ ਮਿਲ ਗਿਆ ਹੈ। ਮਾਸਟਰਸ਼ੈੱਫ ਇੰਡੀਆ ਦਾ ਫਾਈਨਲ 8 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ’ਚ 24 ਸਾਲਾ ਮੁਹੰਮਦ ਆਸ਼ਿਕ ਨੂੰ ਮਾਸਟਰਸ਼ੈੱਫ ਜੇਤੂ ਐਲਾਨਿਆ ਗਿਆ ਸੀ। ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਆਸ਼ਿਕ ਨੇ ਮਾਸਟਰਸ਼ੈੱਫ ਟਰਾਫੀ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ ਹੈ। ਆਓ ਜਾਣਦੇ ਹਾਂ ਟਰਾਫੀ ਜਿੱਤਣ ਦੇ ਨਾਲ-ਨਾਲ ਆਸ਼ਿਕ ਨੂੰ ਇਨਾਮ ਵਜੋਂ ਹੋਰ ਕੀ ਮਿਲਿਆ?

ਆਸ਼ਿਕ ਮਾਸਟਰਸ਼ੈੱਫ ਦਾ ਜੇਤੂ ਬਣਿਆ
ਮਾਸਟਰਸ਼ੈੱਫ ਇੰਡੀਆ ਦਾ ਇਹ ਸੀਜ਼ਨ ਲਗਭਗ 8 ਹਫ਼ਤਿਆਂ ਤੱਕ ਚੱਲਿਆ। ਇਸ ਵਾਰ ਸ਼ੋਅ ਨੂੰ ਵਿਕਾਸ ਖੰਨਾ, ਰਣਵੀਰ ਬਰਾੜ ਤੇ ਪੂਜਾ ਢੀਂਗਰਾ ਨੇ ਜੱਜ ਕੀਤਾ। ਜੱਜਾਂ ਦੀ ਰਹਿਨੁਮਾਈ ਹੇਠ ਮੁਹੰਮਦ ਆਸ਼ਿਕ ਹਰ ਰੋਜ਼ ਆਪਣੇ ਆਪ ਨੂੰ ਸੁਧਾਰਦਾ ਰਿਹਾ। ਸਾਰੇ ਜੱਜਾਂ ਨੇ ਵੀ ਉਸ ਦੇ ਸ਼ਾਨਦਾਰ ਖਾਣਾ ਪਕਾਉਣ ਦੇ ਹੁਨਰ ਨੂੰ ਦੇਖਿਆ। ਆਸ਼ਿਕ ਦੀ ਮਿਹਨਤ ਰੰਗ ਲਿਆਈ। ਅਖੀਰ ’ਚ ਵਿਕਾਸ, ਰਣਵੀਰ ਤੇ ਪੂਜਾ ਨੂੰ ਲੱਗਾ ਕਿ ਉਹ ਇਸ ਸ਼ੋਅ ਦੇ ਵਿਜੇਤਾ ਬਣਨ ਦੇ ਕਾਬਲ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਸ਼ਿਕ ਨੂੰ ਵਿਜੇਤਾ ਚੁਣਿਆ।

ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਸ਼ੋਅ ਦੀ ਟਰਾਫੀ ਜਿੱਤਣ ਤੋਂ ਇਲਾਵਾ ਮੁਹੰਮਦ ਆਸ਼ਿਕ ਨੇ ਇਨਾਮ ਵਜੋਂ 25 ਲੱਖ ਰੁਪਏ ਵੀ ਜਿੱਤੇ ਹਨ। ਆਸ਼ਿਕ ਦੇ ਨਾਲ-ਨਾਲ ਰੁਖਸਾਰ ਸਈਦ ਤੇ ਨੰਬੀ ਜੈਸਿਕਾ ਵੀ ਫਾਈਨਲ ’ਚ ਪਹੁੰਚਣ ’ਚ ਸਫ਼ਲ ਰਹੇ ਪਰ ਸ਼ੋਅ ਦੇ ਆਖਰੀ ਪੜਾਅ ’ਤੇ ਪਹੁੰਚਣ ਤੋਂ ਬਾਅਦ ਉਹ ਜੇਤੂ ਬਣਨ ਤੋਂ ਖੁੰਝ ਗਏ। ਨੈਂਬੀ ਜੈਸਿਕਾ ਸ਼ੋਅ ’ਚ ਦੂਜੇ ਸਥਾਨ ’ਤੇ ਰਹੀ, ਜਦਕਿ ਰੁਖਸਾਰ ਤੀਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ। ਸ਼ੋਅ ਦੇ ਜੱਜ ਰਣਵੀਰ ਬਰਾੜ ਨੇ ਮੁਹੰਮਦ ਆਸ਼ਿਕ ਨੂੰ ਵਿਜੇਤਾ ਬਣਨ ’ਤੇ ਸੋਸ਼ਲ ਮੀਡੀਆ ’ਤੇ ਵਧਾਈ ਦਿੱਤੀ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ, ‘‘ਪ੍ਰੇਰਣਾਦਾਇਕ ਸ਼ੁਰੂਆਤ ਤੋਂ ਲੈ ਕੇ ਚੁਣੌਤੀਪੂਰਨ ਯਾਤਰਾ ਤੱਕ, ਤੁਸੀਂ ਹਮੇਸ਼ਾ ਨਿਡਰ ਹੋ ਕੇ ਖੜ੍ਹੇ ਰਹੇ। ਮਾਸਟਰਸ਼ੈੱਫ ਬਣਨ ’ਤੇ ਵਧਾਈਆਂ।’’

ਕੌਣ ਹੈ ਮੁਹੰਮਦ ਆਸ਼ਿਕ?
ਆਸ਼ਿਕ ਕਰਨਾਟਕ ਦੇ ਮੰਗਲੌਰ ਦਾ ਰਹਿਣ ਵਾਲਾ ਹੈ। ਮਾਸਟਰਸ਼ੈੱਫ ਬਣਨ ਤੋਂ ਪਹਿਲਾਂ ਉਹ ਆਪਣੇ ਪਿੰਡ ’ਚ ਕੁਲੁੱਕੀ ਹੱਬ ਨਾਂ ਦੀ ਜਗ੍ਹਾ ’ਤੇ ਜੂਸ ਦੀ ਦੁਕਾਨ ਚਲਾਉਂਦਾ ਸੀ। ਉਸ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ, ਜਿਸ ਕਾਰਨ ਉਹ ਮਾਸਟਰਸ਼ੈੱਫ ਇੰਡੀਆ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ ਆਸ਼ਿਕ ਨੇ ਮਾਸਟਰਸ਼ੈੱਫ ਇੰਡੀਆ ਦੇ ਪਿਛਲੇ ਸੀਜ਼ਨ ’ਚ ਹਿੱਸਾ ਲਿਆ ਸੀ ਪਰ ਉਹ ਸ਼ੋਅ ਜਿੱਤਣ ਤੋਂ ਖੁੰਝ ਗਿਆ।

ਵਿਜੇਤਾ ਬਣਨ ਤੋਂ ਬਾਅਦ ਉਸ ਨੇ ਕਿਹਾ, ‘‘ਮੈਂ ਮਾਸਟਰਸ਼ੈੱਫ ਇੰਡੀਆ ’ਚ ਆਪਣੀ ਯਾਤਰਾ ਲਈ ਬਹੁਤ ਧੰਨਵਾਦੀ ਹਾਂ। ਐਲੀਮੀਨੇਸ਼ਨ ਰਾਊਂਡ ਤੋਂ ਲੈ ਕੇ ਟਰਾਫੀ ਜਿੱਤਣ ਤੱਕ ਸਭ ਕੁਝ ਮੇਰੇ ਲਈ ਡੂੰਘਾ ਸਬਕ ਸੀ। ਮਾਸਟਰਸ਼ੈੱਫ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਸਭ ਕੁਝ ਇਕ ਸੁਪਨਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News